ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਧਵਾਲਾ ਅਮਰਕੋਟ ਵਿੱਚ ਕਰਵਾਇਆ ਗਿਆ ਪੰਜਾਬੀ ਸੱਭਿਆਚਾਰ ਤੇ ਵਿਰਾਸਤੀ ਮੇਲਾ
ਮੇਲੇ ਦੌਰਾਨ ਸਾਰਾ ਸਕੂਲ ਪੁਰਾਣਾ ਪੰਜਾਬ ਹੀ ਜਾਪਣ ਲੱਗਿਆ
ਅਬੋਹਰ 30 ਨਵੰਬਰ(ਐੱਸ ਐੱਸ ਢਿੱਲੋਂ) ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਧਵਾਲਾ ਅਮਰਕੋਟ ਵਿਖੇ ਅੱਜ ਪੰਜਾਬੀ ਵਿਭਾਗ ਵੱਲੋਂ ਵਿਸ਼ੇਸ਼ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਮਹੀਨੇ ਦੀ ਸਮਾਪਤੀ ਪੰਜਾਬੀ ਸੱਭਿਆਚਾਰ ਤੇ ਵਿਰਾਸਤੀ ਮੇਲਾ ਕਰਵਾ ਕੇ ਕੀਤੀ ਗਈ।ਜਿਸ ਵਿੱਚ ਪੰਜਾਬੀ ਵਿਰਸੇ ਨਾਲ ਸੰਬੰਧਿਤ ਵੱਖ-ਵੱਖ ਵਸਤੂਆਂ ਦੀ ਜਿੱਥੇ ਪ੍ਰਦਰਸ਼ਨ ਲਾਈ ਗਈ ਉੱਥੇ ਪ੍ਰੋਗਰਾਮ ਦੌਰਾਨ ਪੇਸ਼ ਕੀਤੀ ਗਈ ਹਰ ਇੱਕ ਪੇਸ਼ਕਾਰੀ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀ ਹੋਈ ਸੀ। ਇਸ ਵਿਰਾਸਤੀ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਵਿਖਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਰੀਤੂ ਰਾਣੀ ਦੀ ਯੋਗ ਅਗਵਾਈ ਦੇ ਵਿੱਚ ਹੋਏ ਇਸ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਜਿਲਾ ਸਿੱਖਿਆ ਅਫਸਰ ਸਕੈਂਡਰੀ ਡਾ. ਸੁਖਬੀਰ ਸਿੰਘ ਬੱਲ ਪੁੱਜੇ ਜਦੋਂ ਕਿ ਸ਼੍ਰੀ ਅਜੈ ਕੁਮਾਰ ਛਾਬੜਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਬੋਹਰ ਤੇ ਜਿਲਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਪੰਜਾਬੀ ਅਧਿਆਪਕ ਰਾਜਪਾਲ ਮੁੰਜਾਲ, ਪੰਜਾਬੀ ਅਧਿਆਪਿਕਾ ਸ੍ਰੀਮਤੀ ਅਮਨਦੀਪ ਕੌਰ,ਮਮਤਾ ਰਾਣੀ ਤੇ ਸੰਗੀਤਾ ਰਾਣੀ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਪੂਰੀ ਮਿਹਨਤ ਕੀਤੀ ਤੇ ਬੱਚਿਆਂ ਨੂੰ ਵਧੀਆ ਗਤੀਵਿਧੀਆਂ ਤਿਆਰ ਕਰਵਾਈਆਂ। ਇਸ ਪ੍ਰੋਗਰਾਮ ਦੇ ਵਿੱਚ ਭਾਰਤੀ ਫਾਊਂਡੇਸ਼ਨ ਦਾ ਵੀ ਪੂਰਨ ਸਹਿਯੋਗ ਰਿਹਾ। ਇਸ ਮੌਕੇ ਤੇ ਬੋਲਦੇ ਹੋਏ ਮੁੱਖ ਮਹਿਮਾਨ ਡਾ. ਸੁਖਬੀਰ ਸਿੰਘ ਬਲ ਨੇ ਕਿਹਾ ਕਿ ਪੰਜਾਬੀ ਮਹੀਨੇ ਦੀ ਸਮਾਪਤੀ ਪੰਜਾਬੀ ਵਿਰਾਸਤੀ ਤੇ ਸੱਭਿਆਚਾਰ ਮੇਲੇ ਨਾਲ ਹੋਣਾ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਅੱਜ ਦੇ ਇਸ ਵਿਰਾਸਤੀ ਤੇ ਸੱਭਿਆਚਾਰਕ ਮੇਲੇ ਲਈ ਸਕੂਲ ਦੇ ਪ੍ਰਿੰਸੀਪਲ ਸਮੇਤ ਸਾਰਾ ਸਟਾਫ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ।ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਦੇ ਪ੍ਰਸਾਰ ਲਈ ਅਜਿਹੇ ਉਪਰਾਲੇ ਹੋਣੇ ਲਾਜ਼ਮੀ ਹਨ। ਇਸ ਮੌਕੇ ਤੇ ਸ਼੍ਰੀ ਅਜੇ ਛਾਬੜਾ ਤੇ ਭੁਪਿੰਦਰ ਉਤਰੇਜਾ ਨੇ ਕਿਹਾ ਕਿ ਸਾਡੇ ਮੌਜੂਦਾ ਸਮਾਜ ਵਿੱਚੋਂ ਜੋ ਸਾਡੇ ਵਿਰਾਸਤੀ ਵਸਤੂਆਂ ਤੇ ਸਾਡਾ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ ਉਹ ਸਾਰਾ ਕੁਝ ਅੱਜ ਇਸ ਮੇਲੇ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਜਿਸ ਨਾਲ ਮੇਲੇ ਵਿੱਚ ਪਹੁੰਚੇ ਸਾਰੇ ਲੋਕ ਪੁਰਾਣੇ ਪੰਜਾਬ ਵਿੱਚ ਝਾਤ ਵੀ ਮਾਰ ਆਏ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਮੁੱਖ ਅਧਿਆਪਕ ਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਰਾਣੀ ਨੇ ਜਿੱਥੇ ਆਪਣੇ ਸਟਾਫ ਮੈਂਬਰਾਂ ਦੀ ਇਸ ਸੋਹਣੇ ਉਪਰਾਲੇ ਲਈ ਸ਼ਲਾਂਘਾ ਕੀਤੀ ਉੱਥੇ ਉਹਨਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਭ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੱਦਾ ਦਿੱਤਾ।