ਸ਼੍ਰੋਮਣੀ ਕਮੇਟੀ ਵੱਲੋਂ ਆਈ ਮਾਲੀ ਸਹਾਇਤਾ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਨੇ ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਨੂੰ ਸੌਂਪੀ
ਅਬੋਹਰ 18 ਨਵੰਬਰ। ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਵਿੱਚ ਅੱਜ ਹੋਏ ਇੱਕ ਸਾਦੇ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਮਾਲੀ ਸਹਾਇਤਾ ਅਕੈਡਮੀ ਦੇ ਪ੍ਰਬੰਧਕਾਂ ਨੂੰ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਮੁੱਖ ਸੇਵਾਦਾਰ ਗੁਰਦੁਆਰਾ ਵਡ ਤੀਰਥ ਸਾਹਿਬ ਹਰੀਪੁਰਾ ਵੱਲੋਂ ਭੇਂਟ ਕੀਤੀ ਗਈ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਤੋਂ ਆਏ ਕਰਮਚਾਰੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਤੇ ਅਮਨਦੀਪ ਸਿੰਘ ਐਂਚਲਾ ਤੇ ਸ਼ਮਸ਼ੇਰ ਸਿੰਘ ਢਿੱਲੋ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਸੈਂਕੜੇ ਬੱਚਿਆਂ ਨੂੰ ਬੈਡਮਿੰਟਨ ਦੀ ਕੋਚਿੰਗ ਦੇ ਰਹੀ ਹੈ। ਅਜੀਮਗੜ੍ਹ ਵਿਖੇ ਸਥਿਤ ਸਟੇਡੀਅਮ ਵਿੱਚ ਹਰ ਰੋਜ਼ ਸੈਂਕੜੇ ਬੱਚੇ ਬੈਡਮਿੰਟਨ ਦੀ ਤਿਆਰੀ ਕਰਦੇ ਹਨ ਤੇ ਉਹਨਾਂ ਦੀ ਅਕੈਡਮੀ ਦੇ ਬੱਚੇ ਹੁਣ ਤੱਕ ਨੈਸ਼ਨਲ ਲੈਵਲ ਤੇ ਮੱਲਾਂ ਮਾਰ ਚੁੱਕੇ ਨੇ। ਇਸ ਮੌਕੇ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਰਮ ਦੇ ਪ੍ਰਚਾਰ ਲਈ ਤੇ ਮਨੁੱਖਤਾ ਦੇ ਭਲੇ ਲਈ ਯਤਨਸ਼ੀਲ ਹੈ ਉੱਥੇ ਕਮੇਟੀ ਵੱਲੋਂ ਇਹਨਾਂ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਹਨਾਂ ਵੱਲੋਂ ਅੱਜ ਵਿੱਤੀ ਸਹਾਇਤਾ ਦਾ ਚੈੱਕ ਜੋ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰਨੀ ਪਰਮਿੰਦਰ ਕੌਰ ਦਾਨੇਵਾਲੀਆ ਦੇ ਵਿਸ਼ੇਸ਼ ਉੱਦਮ ਸਦਕਾ ਮਿਲਿਆ ਹੈ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਉਹਨਾਂ ਕਿਹਾ ਕਿ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਅਕੈਡਮੀ ਦੇ ਬੱਚੇ ਨੈਸ਼ਨਲ ਲੈਵਲ ਤੇ ਮੱਲਾ ਮਾਰ ਰਹੇ ਹਨ। ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸ਼ਮਸ਼ੇਰ ਸਿੰਘ ਢਿੱਲੋਂ ਤੇ ਅਮਨਦੀਪ ਸਿੰਘ ਐਂਚਲਾ ਵੱਲੋਂ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਗੁਰਪ੍ਰੀਤ ਸਿੰਘ ਤੇ ਸੁਖਜਿੰਦਰ ਸਿੰਘ ਢਿੱਲੋਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੋਚਿੰਗ ਲੈਣ ਵਾਲੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਅਖੀਰ ਵਿੱਚ ਸ਼ਮਸ਼ੇਰ ਸਿੰਘ ਢਿੱਲੋ ਵੱਲੋਂ ਜਥੇਦਾਰ ਗੁਰੈਲ ਸਿੰਘ ਦਾਨੇਵਾਲੀਆ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਗਿਆ।



