ਡੀ.ਸੀ. ਅਤੇ ਐਸ.ਐਸ.ਪੀ. ਨੇ ਖੁਦ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਵਾਇਆ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਐਸ.ਪੀ., ਸ੍ਰੀ ਭਾਗੀਰਥ ਸਿੰਘ ਮੀਨਾ ਅੱਜ ਖੁਦ ਜਿਲ੍ਹੇ ਦੇ ਪਿੰਡਾਂ ਦੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਵਲੋਂ ਪਰਾਲੀ ਅਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਲਗਾਈ ਗਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਵਾਇਆ।
ਇਸ ਦੌਰਾਨ ਉਨ੍ਹਾਂ ਨੇ ਪਿੰਡ ਡੋਹਕ, ਕਾਨਿਆਂਵਾਲੀ, ਨਿਜ਼ਾਮਤਪੁਰਾ ਦਾ ਦੌਰਾ ਕੀਤਾ ਅਤੇ ਥਾਂ-ਥਾਂ ਤੇ ਰੁਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਇਸਦਾ ਨਿਪਟਾਰਾ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਕਰਨ ਦੀ ਅਪੀਲ ਕੀਤੀ।
ਪਿੰਡ ਕਾਨਿਆਂਵਾਲੀ ਵਿੱਚ ਤਾਂ ਫਾਇਰ ਬ੍ਰੀਗੇਡ ਮੌਕੇ `ਤੇ ਬੁਲਾ ਕੇ ਅੱਗ ਨੂੰ ਬੁਝਾਇਆ ਗਿਆ ।
ਆਪਣੇ ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਕਿਸਾਨ ਦਾ ਆਪਣਾ ਹੈ ਕਿਉਂਕਿ ਅਜਿਹਾ ਕਰਕੇ ਕਿਸਾਨ ਪਰਾਲੀ ਦੇ ਰੂਪ ਵਿੱਚ ਜਮੀਨ ਨੂੰ ਮਿਲਣ ਵਾਲੇ ਪੌਸ਼ਕ ਤੱਤਾਂ ਨੂੰ ਹੀ ਨਸ਼ਟ ਕਰ ਦਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਪਰਾਲੀ ਨੂੰ ਜਮੀਨ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਮੀਨ ਵਿਚ ਜੈਵਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਹੁਣ ਇਸ ਲਈ ਬਹੁਤ ਸਾਰੀਆਂ ਮਸ਼ੀਨਾਂ ਉਪਲਬੱਧ ਹਨ, ਜਿੰਨ੍ਹਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਅਤੇ ਬਿਨ੍ਹਾਂ ਖੇਤ ਵਿੱਚੋਂ ਬਾਹਰ ਕੱਢੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਕਿਸਾਨ ਮਸ਼ੀਨਾਂ ਕਿਰਾਏ `ਤੇ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ ਜਾਂ ਆਈ ਖੇਤ ਮੋਬਾਇਲ ਐਪ ਸਹਾਰੇ ਵੀ ਆਪਣੇ ਨਜਦੀਕ ਉਪਲਬੱਧ ਮਸ਼ੀਨਾਂ ਕਿਰਾਏ `ਤੇ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਸਾੜਨ `ਤੇ ਮੁਕੰਮਲ ਰੋਕ ਹੈ ਅਤੇ ਅਜਿਹਾ ਕਰਨ ਵਾਲੇ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਗੁਰਵਿੰਦਰ ਸਿੰਘ ਵਿਰਕ, ਸ੍ਰੀ ਹਰਿੰਦਰ ਪਾਲ ਸਿੰਘ ਬੇਦੀ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਜੋਬਨਦੀਪ ਸਿੰਘ ਏ ਡੀ ਓ ਖੇਤੀਬਾੜੀ ਵਿਕਾਸ ਅਫ਼ਸਰ ਹਰਮਨਜੀਤ ਸਿੰਘ, ਬਲਾਕ ਟੈਕਨੀਕਲ ਮੈਨੇਜਰ ਪਰਮਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।



