ਦੀਵਾਲੀ ਤੋਂ ਪਹਿਲਾਂ ਸਰਕਾਰ 80 ਹਜ਼ਾਰ ਮੁਲਾਜ਼ਮਾਂ ਨੂੰ ਦੇਵੇਗੀ 7-7 ਹਜ਼ਾਰ ਰੁਪਏ ਬੋਨਸ
ਨਵੀਂ ਦਿੱਲੀ 6 ਨਵੰਬਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਕਰਮਚਾਰੀਆਂ ਨੂੰ 7-7 ਹਜ਼ਾਰ ਰੁਪਏ ਦਾ ਬੋਨਸ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਤਿਉਹਾਰਾਂ ਦੇ ਇਸ ਮਹੀਨੇ ‘ਚ ਅਸੀਂ ਦਿੱਲੀ ਸਰਕਾਰ ਦੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਕਰਮਚਾਰੀਆਂ ਨੂੰ 7 ਹਜ਼ਾਰ ਰੁਪਏ ਦਾ ਬੋਨਸ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ 80 ਹਜ਼ਾਰ ਕਰਮਚਾਰੀਆਂ ਨੂੰ ਬੋਨਸ ਦੇਣ ਲਈ 56 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੇਜਰੀਵਾਲ ਨੇ ਕਿਹਾ,”ਅਸੀਂ ਦਿੱਲੀ ਸਰਕਾਰ ਦੇ ਗਰੁੱਪ ਬੀ ਅਤੇ ਗਰੁੱਪ ਸੀ ਕਰਮਚਾਰੀਆਂ ਨੂੰ 7 ਹਜ਼ਾਰ ਰੁਪਏ ਦਾ ਬੋਨਸ ਦੇਵਾਂਗੇ। ਮੌਜੂਦਾ ਸਮੇਂ ਲਗਭਗ 80 ਹਜ਼ਾਰ ਗਰੁੱਪ ਬੀ ਗੈਰ-ਗਜ਼ਟਿਡ ਅਤੇ ਗਰੁੱਪ ਸੀ ਕਰਮਚਾਰੀ ਦਿੱਲੀ ਸਰਕਾਰ ਨਾਲ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ‘ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਸਾਡੇ ਪਰਿਵਾਰ ਦੀ ਤਰ੍ਹਾਂ ਹੀ ਹਨ। ਇਸ ਲਈ ਦੀਵਾਲੀ ‘ਤੇ ਅਸੀਂ ਉਨ੍ਹਾਂ ਨੂੰ ਖੁਸ਼ੀਆਂ ਦੇਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਵਾਲਿਆਂ ਅਤੇ ਦਿੱਲੀ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦੀ ਵਧਾਈ ਵੀ ਦਿੱਤੀ।