ਉੱਤਰਾਖੰਡ ਮਾਈਨਿੰਗ ਵਪਾਰੀ ਦੇ ਦੋ ਕਾਤਲਾਂ ਸਮੇਤ ਬੰਬੀਹਾ ਗੈਂਗ ਦੇ ਚਾਰ ਸ਼ੂਟਰ ਪੰਜਾਬ ਤੋਂ ਗਿ੍ਰਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ: ਡੀਜੀਪੀ ਪੰਜਾਬਪੁਲਿਸ ਟੀਮਾਂ ਨੇ ਦੋ ਵਿਦੇਸੀ ਪਿਸਤੌਲਾਂ ਸਮੇਤ ਤੁਰਕੀ ਦੀ ਬਣੀ ਮਸ਼ੀਨ-ਪਿਸਟਲ ਅਤੇ ਗੋਲਾ ਸਿੱਕਾ ਵੀ ਕੀਤਾ ਬਰਾਮਦ
ਚੰਡੀਗੜ, 29 ਅਕਤੂਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਸ.ਏ.ਐਸ.ਨਗਰ ਦੇ ਪਿੰਡ ਛੱਤ ਤੋਂ ਉੱਤਰਾਖੰਡ ਮਾਈਨਿੰਗ ਵਪਾਰੀ ਦੀ ਹੱਤਿਆ ਕਰਨ ਵਾਲੇ ਦੋ ਹਮਲਾਵਰਾਂ ਸਮੇਤ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਸ਼ੂਟਰਾਂ ਨੂੰ ਗਿ੍ਰਫਤਾਰ ਕੀਤਾ ਹੈ। ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਕਾਸੀਪੁਰ ਦੇ ਕੁੰਡੇਸ਼ਵਰੀ ਪਿੰਡ ਵਿੱਚ ਮਾਈਨਿੰਗ ਵਪਾਰੀ ਮਹਿਲ ਸਿੰਘ (70) ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਇਹ ਆਪ੍ਰੇਸ਼ਨ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਕਾਊਂਟਰ ਇੰਟੈਲੀਜੈਂਸ (ਸੀਆਈ) ਪੰਜਾਬ, ਜ਼ਿਲਾ ਪੁਲਿਸ ਊਧਮ ਸਿੰਘ ਨਗਰ ਉੱਤਰਾਖੰਡ, ਸਪੈਸ਼ਲ ਸੈੱਲ ਦਿੱਲੀ ਅਤੇ ਜ਼ਿਲਾ ਪੁਲਿਸ ਐਸਏਐਸ ਨਗਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਾਧੂ ਸਿੰਘ, ਜਗਦੀਸ਼ ਸਿੰਘ ਉਰਫ ਦੀਸ਼ਾ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਚੂਚੀ, ਜਸਪ੍ਰੀਤ ਸਿੰਘ ਉਰਫ ਲੌਕ ਸਾਰੇ ਵਾਸੀ ਜ਼ਿਲਾ ਮਾਨਸਾ ਵਜੋਂ ਹੋਈ ਹੈ।
ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕੋਲੋਂ ਇੱਕ .30 ਬੋਰ ਪਿਸਟਲ ਸਮੇਤ ਦੋ ਮੈਗਜ਼ੀਨਾਂ ਅਤੇ ਸੱਤ ਜਿੰਦਾ ਕਾਰਤੂਸ; 9 ਐਮਐਮ ਪਿਸਟਲ ਸਮੇਤ ਇੱਕ ਮੈਗਜ਼ੀਨ; ਤੁਰਕੀ ਦੀ ਬਣੀ 9 ਐਮਐਮ ਮਸ਼ੀਨ-ਪਿਸਟਲ ਸਣੇ 31 ਕਾਰਤੂਸਾਂ ਦੀ ਸਮਰੱਥਾ ਵਾਲੀ ਮੈਗਜ਼ੀਨ ਸਮੇਤ ਤਿੰਨ ਮੈਗਜ਼ੀਨਾਂ ਅਤੇ 19 ਜਿੰਦਾ ਕਾਰਤੂਸ ਤੋਂ ਇਲਾਵਾ ਇੱਕ ਅਪਾਚੀ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ ਡੱਲਾ ਅਤੇ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦੇ ਨਿਰਦੇਸ਼ਾਂ ‘ਤੇ ਮਾਈਨਿੰਗ ਵਪਾਰੀ ਮਹਿਲ ਸਿੰਘ ਦਾ ਕਤਲ ਕੀਤਾ ਸੀ ਜਦੋਂਕਿ ਗਿ੍ਰਫਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਨੇ ਉਨਾਂ ਨੂੰ ਹਥਿਆਰ, ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਨਾਲ ਮਿ੍ਰਤਕ ਦੇ ਘਰ ਦੀ ਰੇਕੀ ਵੀ ਕੀਤੀ ਸੀ।
ਉਨਾਂ ਕਿਹਾ ਕਿ ਫੜੇ ਗਏ ਵਿਅਕਤੀ ਪੰਜਾਬ ਦੇ ਇਲਾਕੇ ਅਤੇ ਹੋਰ ਗੁਆਂਢੀ ਸੂਬਿਆਂ ਵਿੱਚ ਹੋਰ ਵੀ ਘਿਨਾਉਣੇ ਅਪਰਾਧ ਕਰਨ ਦੀ ਸਾਜ਼ਿਸ਼ ਰਚ ਰਹੇ ਸਨ ਜਿਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

CATEGORIES
Share This

COMMENTS

Wordpress (0)
Disqus (0 )
Translate