ਇਕ ਹੰਕਾਰ ਗ੍ਰਸਤ ਮੁੱਖ ਮੰਤਰੀ ਨੇ ਇਕਾਂਤ ਨਾਲ ਕੀਤੀ ਵਿਸ਼ਾ ਰਹਿਤ ਚਰਚਾ, ਐਸਵਾਈਐਲ ਦਾ ਵਿਸ਼ਾ ਵਿਸਾਰਿਆ – ਜਾਖੜ

ਕਿਹਾ, ਪੰਜਾਬ ਦੇ ਮੁੱਖ ਮੰਤਰੀ ਨਹੀਂ, ਕੇਜਰੀਵਾਲ ਦੇ ਪ੍ਰਤੀਨਿਧੀ ਨੇ ਲੁਧਿਆਣਾ ਵਿੱਚ ਦਿੱਤਾ ਭਾਸ਼ਣ
—ਮੁੱਖ ਮੰਤਰੀ ਮਆਫੀ ਮੰਗਣ ਜਾਂ ਚੌਧਰੀ ਬਲਰਾਮ ਜਾਖੜ ਦੀ ਨਹਿਰ ਸਬੰਧੀ ਤਸਵੀਰ ਜਾਰੀ ਕਰਨ
ਚੰਡੀਗੜ੍ਹ, 1 ਨਵੰਬਰ (ਜਗਜੀਤ ਸਿੰਘ ਧਾਲੀਵਾਲ)
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਹੇਠਲੇ ਪੱਧਰ ਦੀ ਸਿਆਸਤ ਕਰਦਿਆਂ ਅੱਜ ਪੰਜਾਬ ਦੇ ਗੰਭੀਰ ਮੁੱਦਿਆਂ ਦਾ ਮਖੌਲ ਉਡਾਇਆ ਹੈ, ਜਿਸ ਲਈ ਪੰਜਾਬੀ ਕਦੇ ਵੀ ਉਨ੍ਹਾਂ ਨੂੰ ਮਾਫ ਨਹੀਂ ਕਰਣਗੇ।
ਜਾਖੜ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਨੂੰ ਭੁਲਾ ਕੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਨਾਲ ਧੋਖਾ ਕੀਤਾ ਹੈ ਸਗੋਂ ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ ਸੀ ਉਨ੍ਹਾਂ ਦੇ ਵਿਸਵਾਸ਼ ਨਾਲ ਵੀ ਧ੍ਰੋਹ ਕੀਤਾ ਹੈ ਅਤੇ ਸਰਕਾਰ ਨੇ ਵਿਰੋਧੀ ਆਗੂਆਂ ਨੂੰ ਇਸ ਬਹਿਸ ਤੋਂ ਦੂਰ ਰੱਖਣ ਲਈ ਹਰ ਜਾਇਜ ਨਜਾਇਜ ਹੀਲਾ ਵਰਤਿਆ ਹੈ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਭਾਸ਼ਾ ਦੇ ਨੀਵੇਂ ਮਿਆਰ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੰਗ ਕੀਤੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੇ ਪਿੱਛਲੇ ਸੈਸ਼ਨ ਦਾ ਜਿਕਰ ਕਰਦਿਆਂ ਯਾਦ ਕਰਵਾਇਆ ਕਿ ਕਿਸ ਤਰਾਂ ਮੁੱਖ ਮੰਤਰੀ ਵਿਰੋਧੀ ਧਿਰ ਦੇ ਆਗੂ ਨੂੰ ਤੂੰ ਕਹਿ ਕੇ ਸੰਬੋਧਨ ਹੋ ਰਹੇ ਸਨ।
ਜਾਖੜ ਨੇ ਕਿਹਾ ਕਿ 2 ਦਿਨ ਰੁਕੋ, ਅਰਵਿੰਦ ਕੇਜਰੀਵਾਲ ਦੀ ਈਡੀ ਸਨਮੁੱਖ ਪੇਸ਼ੀ ਦੇ ਨਤੀਜੇ ਸਾਹਮਣੇ ਆਉਣ ਦਿਓ ਤਾਂ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਛਲਾਵੇ ਦਾ ਸੱਚ ਜਾਣ ਜਾਣਗੇ।
ਜਾਖੜ ਨੇ ਕਿਹਾ ਕਿ ਇੱਥੇ ਕੋਈ ਪੰਜਾਬੀ ਨਹੀਂ ਬੋਲ ਰਿਹਾ ਸੀ ਸਗੋਂ ਹੰਕਾਰ ਗ੍ਰਸਤ, ਕੁੰਠਿਤ ਮੁੱਖ ਮੰਤਰੀ ਬੋਲ ਰਿਹਾ ਸੀ ਜਿਸਨੇ ਪਹਿਲਾਂ ਚਰਚਾ ਲਈ ਸਭ ਨੂੰ ਸੱਦਾ ਦਿੱਤਾ ਪਰ ਬਾਅਦ ਵਿਚ ਬੂਹੇ ਬੰਦ ਕਰ ਲਏ।
ਜਾਖੜ ਨੇ ਕਿਹਾ ਕਿ ਜਿੱਥੇ ਆਮ ਪੰਜਾਬੀਆਂ ਨੂੰ ਜਾਣ ਨਹੀਂ ਦਿੱਤਾ ਗਿਆ ਉਹ ਸਮਾਗਮ ਦਾ ਕੀ ਮਹੱਤਵ ਰਹਿ ਗਿਆ।ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਘੇਰੇ ਵਿਚ ਮੁੱਖ ਮੰਤਰੀ ਆਪਣੇ ਸਿਆਸੀ ਆਕਾ ਕੇਜਰੀਵਾਲ ਦੀ ਬੋਲੀ ਬੋਲ ਕੇ ਸਮਾਗਮ ਕਰਕੇ ਚਲੇ ਗਏ।
ਇਕ ਵੀਡੀਓ ਸੁਨੇਹੇ ਵਿਚ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਜਾਂ ਤਾਂ ਮਾਫੀ ਮੰਗਣ ਜਾਂ ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਦੀ ਨਹਿਰ ਪੁੱਟਣ ਮੌਕੇ ਦੀ ਕੋਈ ਤਸਵੀਰ ਜਾਰੀ ਕਰਨ ਦੀ ਚੁਣੌਤੀ ਦਿੱਤੀ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਕ ਵਾਰ ਪਹਿਲਾਂ ਵੀ ਤੁਸੀਂ ਮੇਰੇ ਪਿਤਾ ਬਾਰੇ ਝੂਠੀ ਬਿਆਨਬਾਜ਼ੀ ਕਰ ਚੁੱਕੇ ਹੋ, ਜਿਸ ਨੂੰ ਆਪ ਦੀ ਬੇਧਿਆਨੀ ਸਮਝ ਕੇ ਅਣਗੋਲਿਆ ਕਰ ਦਿੱਤਾ ਸੀ ਪਰ ਅੱਜ ਤੁਸੀਂ ਮੁੜ ਉਹੀ ਗੱਲ ਦੁਹਰਾਈ ਹੈ, ਇਸ ਲਈ ਤੁਸੀਂ ਮਾਫੀ ਮੰਗੋ ਜਾਂ ਫਿਰ ਮੈਨੂੰ ਕੋਰਟ ਵਿਚ ਜਾਣਾ ਪਵੇਗਾ।

CATEGORIES
Share This

COMMENTS

Wordpress (0)
Disqus (0 )
Translate