ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਲਈ ਲਗਾਇਆ ਸੁਵਿਧਾ ਕੈਂਪ
ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭਪਾਤਰੀਆਂ ਨੇ ਲਿਆ ਲਾਹਾ-ਡਿਪਟੀ ਕਮਿਸ਼ਨਰ
ਫਾਜਿ਼ਲਕਾ, 27 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਬਿਹਤਰ ਤਰੀਕੇ ਨਾਲ ਮੁਹਈਆ ਕਰਵਾਉਣ ਲਈ ਜਿ਼ਲ੍ਹੇ ਵਿਚ ਅੱਜ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਲਈ ਲੋਕ ਸੁਵਿਧਾ ਕੈਂਪ ਲਗਾਏ ਗਏ। ਸੁਵਿਧਾ ਕੈਂਪ ਦੌਰਾਨ ਸੈਂਕੜੇ ਲਾਭਪਾਤਰੀਆਂ ਨੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਹਾ ਹਾਸਲ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਬ ਡਵੀਜਨ ਫਾਜ਼ਿਲਕਾ ਵਿਖੇ ਲਗਾਏ ਗਏ ਸੁਵਿਧਾ ਕੈਂਪ ਦਾ ਜਾਇਜਾ ਲੈਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਨੂੰ ਦੇਖਦਿਆਂ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਮਾਲ ਵਿਭਾਗ ਨਾਲ ਸਬੰਧਤ ਸਮੂਹ ਸਟਾਫ ਵੱਲੋਂ ਇਕ ਛੱਤ ਹੇਠ ਬੈਠਕੇ ਲੋਕ ਮਸਲੇ ਹਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੌਕੇ *ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਸਬੰਧਤ ਸਟਾਫ ਵੱਲੋਂ ਨਾਲ ਦੀ ਨਾਲ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖਜਲ-ਖੁਆਰੀ ਤੋਂ ਰਾਹਤ ਦਿੰਦਿਆਂ ਇਹ ਉਪਰਾਲਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੀ ਵਿਸ਼ੇਸ਼ ਤੌਰ *ਤੇ ਹਦਾਇਤਾਂ ਹਨ ਕਿ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਬਿਨਾ ਖਜਲ ਖੁਆਰੀ ਤੋਂ ਸੇਵਾਵਾਂ ਦਿੱਤੀਆਂ ਜਾਣ, ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਤੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆ ਹਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਇੰਤਕਾਲ, ਜਮਾਬੰਦੀਆਂ/ਗਿਰਦਾਵਰੀਆਂ ਫਰਦ ਨਾਲ ਸਬੰਧਤ ਕੰਮ, ਸਾਰੇ ਤਰਾਂ ਦੇ ਸਰਟੀਫਿਕੇਟ, ਗੈਰ ਬੋਝ ਸਰਟੀਫਿਕੇਟ (ਭਾਰ ਮੁਕਤ ਸਰਟੀਫਿਕੇਟ), ਮਾਲ ਰਿਕਾਰਡ ਤੋਂ ਕਰਜਾ ਕਲੀਅਰੈਂਸ (ਫੱਕ ਆਡ ਰਹਿਣ) ਅਤੇ ਨਾਮ/ਖਸਰਾ ਨੰਬਰ ਆਦਿ ਦੀ ਮਾਲ ਰਿਕਾਰਡ ਵਿਚ ਦਰੁਸਤੀ (ਫਰਦ ਬਦਰ) ਅਜਿਹੀਆਂ ਸੇਵਾਵਾਂ ਮੌਕੇ ਤੇ ਦਿੱਤੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਸਬ ਤਹਿਸੀਲ ਅਰਨੀਵਾਲਾ, ਤਹਿਸੀਲ ਕੰਪਲੈਕਸ ਅਬੋਹਰ, ਸਬ ਤਹਿਸੀਲ ਖੂਈਆਂ ਸਰਵਰ, ਸਬ ਤਹਿਸੀਲ ਸੀਤੋ ਗੁਨੋ ਤੇ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਲਗਾਏ ਗਏ। ਕੈਂਪ ਦੌਰਾਨ ਕਾਫੀ ਗਿਣਤੀ ਵਿਚ ਲਾਭਪਾਤਰੀਆਂ ਵੱਲੋਂ ਪਹੁੰਚ ਕੇ ਸੇਵਾਵਾਂ ਦਾ ਲਾਭ ਲਿਆ ਗਿਆ ਹੈ। ਇਸ ਦੌਰਾਨ ਸੇਵਾ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵੀ ਕਾਉਂਟਰ ਲਗਾਇਆ ਗਿਆ। ਇਸ ਤੋਂ ਇਲਾਵਾ ਵੋਟਾਂ ਦੀ ਮਹੱਤਤਾ ਨੂੰ ਦੇਖਦਿਆਂ ਆਉਣ ਵਾਲੇ ਲਾਭਪਾਤਰੀਆਂ ਨੂੰ ਸਟਾਫ ਵੱਲੋਂ ਵੋਟ ਬਣਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਲਾਹਾ ਲੈਣ ਆਏ ਲਾਭਪਾਤਰੀਆਂ ਨਾਲ ਡਿਪਟੀ ਕਮਿਸ਼ਨਰ ਨੇ ਗੱਲਬਾਤ ਵੀ ਕੀਤੀ ਜਿਸ ਤੇ ਲਾਭਪਾਤਰੀਆਂ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਤੇ ਸੁਵਿਧਾ ਕੈਂਪ ਦੀ ਸ਼ਲਾਘਾ ਕੀਤੀ।
ਇਸ ਮੌਕੇ ਤਹਿਸੀਲਦਾਰ ਫਾਜ਼ਿਲਕਾ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਸ. ਗੁਰਜੀਤ ਸਿੰਘ, ਸੁਪਰਡੰਟ ਸੰਦੀਪ ਚੁਘ, ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਆਦਿ ਹੋਰ ਸਟਾਫ ਮੌਜੂਦ ਸੀ।