ਮਿਆਰੀ ਪੜ੍ਹਾਈ ਤੇ ਚੰਗੀ ਦਵਾਈ ਪਿੰਡ ਪੱਧਰ ਤੇ ਮਿਲੇਗੀ-ਗੁਰਮੀਤ ਸਿੰਘ ਖੁੱਡੀਆਂ

ਕਿਸਾਨਾਂ ਨੂੰ 350 ਕਰੋੜ ਰੁਪਏ ਦੀ ਮਸ਼ੀਨਰੀ ਸਬਸਿਡੀ ਉਪਲਬੱਧ ਕਰਵਾਈ ਜਾ ਰਹੀ ਹੈ
ਖੇਤੀਬਾੜੀ ਮੰਤਰੀ ਵੱਲੋਂ ਆਪਣੇ ਹਲਕੇ ਵਿਚ ਅਨੇਕਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ 17 ਅਕਤੂਬਰ
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਵਿਚ ਲੋਕਾਂ ਦੀਆਂ ਬਰੂਹਾਂ ਤੱਕ ਮਿਆਰੀ ਪੜ੍ਹਾਈ ਅਤੇ ਚੰਗੀ ਦਵਾਈ ਦੀ ਸਹੂਲਤ ਪਹੁੰਚਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਉਹ ਪਿੰਡ ਆਲਮਵਾਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਬਲਾਕ ਲੈਵਲ ਪਬਲਿਕ ਹੈਲਥ ਯੁਨਿਟ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂ ਸੰਬੋਧਨ ਕਰ ਰਹੇ ਸਨ।
ਸ: ਗੁਰਮੀਤ ਸਿੰਘ ਖੂੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸਿਹਤ ਅਤੇ ਸਿੱਖਿਆ ਪ੍ਰਮੁੱਖ ਤਰਜੀਹਾਂ ਹਨ । ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਯੂਨਿਟ ਵਿਖੇ ਬਿਮਾਰੀਆਂ ਦੀ ਅਗੇਤੀ ਪਹਿਚਾਣ, ਇਕ ਉੱਚ ਪੱਧਰੀ ਲੈਬ ਅਤੇ ਮਰੀਜਾਂ ਦੇ ਆਂਕੜਿਆਂ ਦੇ ਪ੍ਰਬੰਧਨ ਦਾ ਇੰਤਜਾਮ ਹੋਵੇਗਾ ਤਾਂ ਜੋ ਬਿਮਾਰੀਆਂ ਦੀ ਅਗੇਤੀ ਪਹਿਚਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸਿਹਤ ਬੀਮਾ ਕਾਰਡ ਬਣਾਉਣ ਦੀ ਅਪੀਲ ਵੀ ਕੀਤੀ ਜਿਸ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹਈਆ ਕਰਵਾਇਆ ਜਾਂਦਾ ਹੈ।
ਇੱਥੇ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀਆਂ  ਜਰੂਰਤਾਂ ਅਨੁਸਾਰ ਕੰਮ ਕਰਦੀ ਹੈ।ਉਨ੍ਹਾਂ ਨੇ ਦੱਸਿਆ ਕਿ ਇੱਥੇ ਬਣਨ ਵਾਲੇ ਪਬਲਿਕ ਹੈਲਥ ਯੂਨਿਟ ਦੇ ਨਿਰਮਾਣ ਤੇ 25.33 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਨਵੀਂਆਂ ਮਸ਼ੀਨਾਂ ਸਬਸਿਡੀ ਤੇ ਉਪਲਬੱਧ ਕਰਵਾਉਣ ਲਈ ਰਾਜ ਸਰਕਾਰ ਨੇ 350 ਕਰੋੜ ਰੁਪਏ ਦੀ ਕਾਰਜਯੋਜਨਾ ਬਣਾ ਕੇ ਲਾਗੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਸੂਬੇ ਵਿਚ 23000 ਮਸ਼ੀਨਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀ ਪਰਾਲੀ ਨੂੰ ਸਾੜਨ ਦੀ ਬਜਾਏ ਇਸਦਾ ਪ੍ਰਬੰਧਨ ਕਰਨ ਵਿਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ।
ਬਾਅਦ ਵਿਚ ਉਨ੍ਹਾਂ ਨੇ ਪਿੰਡ ਬੋਦੀਵਾਲਾ ਖੜ੍ਹਕ ਸਿੰਘ ਵਿੱਚ ਪੇਂਡੂ ਵਿਕਾਸ ਵਿਭਾਗ ਵੱਲੋਂ ਤਿਆਰ ਕੀਤੀ ਅਤਿ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ । ਇਸ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਕਿਹਾ ਕਿ ਗਿਆਨ ਦੀ ਰਿਸਮਾਂ ਤੋਂ ਸੇਧ ਲੈ ਕੇ ਸਾਡੀ ਨਵੀਂ ਪੀੜ੍ਹੀ ਸਫਲਤਾ ਦੀਆਂ ਨਵੀਂਆਂ ਮੰਜਿਲਾਂ ਸਰ ਕਰੇਗੀ। ਉਨ੍ਹਾਂ ਨੇ ਸ਼ਾਨਦਾਰ ਲਾਈਬ੍ਰੇਰੀ ਦੇ ਉਦਘਾਟਨ ਲਈ ਪਿੰਡ ਵਾਸੀਆਂ ਨੂੰ ਵਧਾਈ ਵੀ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਪੰਨੀਵਾਲਾ ਫੱਤਾ ਵਿਚ ਗਲੀਆਂ ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਵੀ ਸੁਣੀਆਂ।
ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਧੀਰਾ, ਗੁਰਬਾਜ ਸਿੰਘ ਵਨਵਾਲਾ, ਬਲਾਕ ਪ੍ਰਧਾਨ ਚੇਅਰਮੈਨ ਸੁਰਜੀਤ ਸਿੰਘ ਮਿੱਡਾ, ਮੰਗਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਐਸਐਮਓ ਡਾ: ਪਵਨ ਮਿੱਤਲ, ਪਸ਼ੂ ਪਾਲਣ ਵਿਭਾਗ ਤੋਂ ਗੁਰਦਿੱਤ ਸਿੰਘ, ਬੀਡੀਪੀਓ ਜਸਵੰਤ ਸਿੰਘ, ਪੰਚਾਇਤੀ ਰਾਜ ਵਿਭਾਗ ਤੋਂ ਜਗਸੀਰ ਸਿੰਘ ਸਰਪੰਚ, ਪਰਮਪਾਲ ਸਿੰਘ ਸਰਪੰਚ, ਭੁਪਿੰਦਰ ਸਿੰਘ, ਮੋਹਨ ਸਿੰਘ ਕੱਟਿਆਂ ਵਾਲੀ, ਕਰਨਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate