ਬ੍ਰਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਦੀਆਂ 24 ਪੰਚਾਇਤਾਂ ਨੂੰ ‘ਉੱਤਮ ਪਿੰਡ’ ਦਾ ਰਾਜ ਪੱਧਰੀ ਐਵਾਰਡ
ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਵਿਵਹਾਰ ਵਿੱਚ ਬਦਲਾਅ ਲਿਆਵਾਂਗੇ: ਜਿੰਪਾ
ਚੰਡੀਗੜ੍ਹ, 2 ਅਕਤੂਬਰ (ਐੱਸ ਐੱਸ ਢਿੱਲੋਂ) ਪੰਜਾਬ ਦੇ ਜਿਹੜੇ 24 ਪਿੰਡਾਂ ਨੇ ਸਾਫ ਸਫਾਈ, ਤਰਲ ਤੇ ਠੋਸ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਅਤੇ ਬੁਨਿਆਦੀ ਸਵੱਛ ਸਹੂਲਤਾਂ ਪੱਖੋਂ ਉੱਤਮ ਕੰਮ ਕੀਤੇ ਹਨ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਜ ‘ਸਵੱਛ ਭਾਰਤ ਦਿਵਸ’ ਮੌਕੇ ਰਾਜ ਪੱਧਰੀ ਸਮਾਗਮ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਥਾਨਕ ਮਿਊਂਸੀਪਲ ਭਵਨ, ਸੈਕਟਰ 35 ਵਿਚ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਸਾਫ-ਸਫਾਈ ਰੱਖਣ, ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਦੇ 23 ਸਕੂਲਾਂ ਨੂੰ ‘ਉੱਤਮ ਸਕੂਲ’ ਅਤੇ 23 ਸਫਾਈ ਸੇਵਕਾਂ ਨੂੰ ‘ਉੱਤਮ ਸਫਾਈ ਸੇਵਕ’ ਦਾ ਐਵਾਰਡ ਦਿੱਤਾ ਗਿਆ।
ਜਿੰਪਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਲਈ ਸਾਰਥਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਫਰਜ਼ ਹੈ ਅਤੇ ਇਸ ਕੰਮ ਨੂੰ ਪੂਰੀ ਸੁਹਿਰਦਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ-ਸਫਾਈ ਰੱਖਣਾ ਸਿਰਫ ਸਫਾਈ ਸੇਵਕਾਂ ਦਾ ਕੰਮ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਇਸ ਮਕਸਦ ਲਈ ਪਹਿਲ ਕਰਨੀ ਚਾਹੀਦੀ ਹੈ ਤੇ ਖੁਦ ਅੱਗੇ ਆ ਕੇ ਸੂਬੇ ਨੂੰ ਕੂੜਾ ਮੁਕਤ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦੀ ਖੂਬਸੂਰਤੀ ‘ਤੇ ਕੋਈ ਦਾਗ ਨਾ ਲਾਈਏ। ਉਨ੍ਹਾਂ ਇਸ ਮਕਸਦ ਲਈ ਸਾਰੇ ਸਫਾਈ ਸੇਵਕਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਦੇ ਮਾਣ-ਸਤਿਕਾਰ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਜਿੰਪਾ ਨੇ ਕਿਹਾ ਕਿ ਰਾਜ ਪੱਧਰੀ ਸਨਮਾਨ ਹਾਸਲ ਕਰਨ ਵਾਲੀਆਂ ਪੰਚਾਇਤਾਂ, ਸਕੂਲ ਅਤੇ ਸਫਾਈ ਸੇਵਕ ਹੋਰਨਾਂ ਨੂੰ ਵੀ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਪੰਜਾਬ ਨੂੰ ਮੁੜ ਅੱਵਲ ਨੰਬਰ ਦਾ ਸੂਬਾ ਬਣਾਇਆ ਜਾ ਸਕੇ।
ਇਸ ਮੌਕੇ ਜਿੰਪਾ ਨੇ ਇਹ ਵੀ ਸੁਝਾਅ ਦਿੱਤਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪੇਂਡੂ ਖੇਤਰਾਂ ਵਿੱਚ ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼.), ਯੂਥ ਕਲੱਬਾਂ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਕੇ ਉਹਨਾਂ ਦੇ ਵਿਵਹਾਰ ਵਿੱਚ ਬਦਲਾਅ ਲਿਆਂਦਾ ਜਾ ਸਕੇ।
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ 15 ਸਤੰਬਰ ਤੋਂ 2 ਅਕਤੂਬਰ, 2023 ਤੱਕ ‘ਕੂੜਾ ਮੁਕਤ ਭਾਰਤ’ ਵਿਸ਼ੇ ਨਾਲ ਸਬੰਧਤ ਰਾਜ-ਪੱਧਰੀ ‘ਸਵੱਛਤਾ ਹੀ ਸੇਵਾ’ ਮੁਹਿੰਮ ਚਲਾਈ ਗਈ ਸੀ। ਇਹ ਮੁਹਿੰਮ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਤਹਿਤ ਜਲ ਸ਼ਕਤੀ ਮੰਤਰਾਲੇ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਇੱਕ ਸਾਂਝੀ ਪਹਿਲ ਸੀ।
ਸਮਾਗਮ ਵਿਚ ਵਿਭਾਗ ਦੇ ਸਾਬਕਾ ਮੁਖੀ ਮੁਹੰਮਦ ਇਸ਼ਫਾਕ (ਸੇਵਾਮੁਕਤ), ਚੀਫ ਇੰਜੀਨੀਅਰ ਜੇ.ਜੇ. ਗੋਇਲ, ਜਸਵਿੰਦਰ ਸਿੰਘ ਚਾਹਲ, ਰਾਜੇਸ਼ ਖੋਸਲਾ ਅਤੇ ਜਸਬੀਰ ਸਿੰਘ, ਡਾਇਰੈਕਟਰ ਸੈਨੀਟੇਸ਼ਨ ਮੈਡਮ ਨਵੀਨ ਵਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਸਨਮਾਨ ਹਾਸਲ ਕਰਨ ਵਾਲੀਆਂ ਪੰਚਾਇਤਾਂ/ਪਿੰਡ, ਸਕੂਲ ਅਤੇ ਸਫਾਈ ਸੇਵਕ:
‘ਉੱਤਮ ਪਿੰਡ’ ਐਵਾਰਡ —–
ਸਮਾਗਮ ਦੌਰਾਨ ਜਿਨ੍ਹਾਂ 24 ਪੰਚਾਇਤਾਂ ਨੂੰ ‘ਉੱਤਮ ਪਿੰਡ’ ਦਾ ਐਵਾਰਡ ਦਿੱਤਾ ਗਿਆ ਉਨ੍ਹਾਂ ਵਿਚ ਧਰਦਿਓ (ਜ਼ਿਲ੍ਹਾ ਅੰਮ੍ਰਿਤਸਰ), ਭੈਣੀ ਮਹਿਰਾਜ (ਬਰਨਾਲਾ), ਭੋਡੀਪੁਰਾ (ਬਠਿੰਡਾ), ਲੰਭਵਾਲੀ (ਫਰੀਦਕੋਟ), ਬਾਠਾਂ ਖੁਰਦ (ਫਤਹਿਗੜ੍ਹ ਸਾਹਿਬ), ਪੰਨੀਵਾਲਾ ਮਾਹਲਾ (ਫਾਜ਼ਿਲਕਾ), ਮਣਕਿਆ ਵਾਲਾ (ਫਿਰੋਜ਼ਪੁਰ), ਧਮਰਾਈ (ਗੁਰਦਾਸਪੁਰ), ਨਾਰੂ ਨੰਗਲ ਕਿਲਾ (ਹੁਸ਼ਿਆਰਪੁਰ), ਰੁੜਕਾਂ ਕਲਾਂ (ਜਲੰਧਰ), ਮਾਣਕ (ਕਪੂਰਥਲਾ), ਚਹਿਲਾਂ (ਲੁਧਿਆਣਾ), ਮਾਣਕ ਹੇੜੀ (ਮਾਲੇਰਕੋਟਲਾ), ਮਾਨਬੀਬੜੀਆਂ (ਮਾਨਸਾ), ਪੱਤੋ ਜਵਾਹਰ ਸਿੰਘ ਵਾਲਾ (ਮੋਗਾ), ਭੂੰਦੜ (ਸ੍ਰੀ ਮੁਕਤਸਰ ਸਾਹਿਬ), ਮੋਹੀ ਕਲਾਂ (ਪਟਿਆਲਾ), ਮਨਵਾਲ (ਪਠਾਨਕੋਟ), ਦਤਾਰਪੁਰ (ਰੂਪਨਗਰ), ਘਰਾਚੋਂ (ਸੰਗਰੂਰ), ਭੱਦਲਵਡ (ਸੰਗਰੂਰ), ਮਾਜਰੀ (ਐਸ.ਏ.ਐਸ. ਨਗਰ), ਮਾਹਲ ਖੁਰਦ (ਐਸ.ਬੀ.ਐਸ. ਨਗਰ) ਅਤੇ ਰਾਮ ਸਿੰਘ ਵਾਲਾ (ਤਰਨ ਤਾਰਨ) ਸ਼ਾਮਲ ਹਨ।
‘ਉੱਤਮ ਸਫਾਈ ਸੇਵਕ’ ਐਵਾਰਡ —–
ਇਸ ਤੋਂ ਇਲਾਵਾ ਜਿਹੜੇ 23 ‘ਉੱਤਮ ਸਫਾਈ ਸੇਵਕ’ ਐਵਾਰਡ ਦਿੱਤੇ ਗਏ ਹਨ ਉਨ੍ਹਾਂ ਵਿਚ ਕੁਲਵੰਤ ਸਿੰਘ (ਧਰਦਿਓ, ਰਈਆ), ਮੰਗੂ ਰਾਮ (ਭੋਤਨਾ, ਸ਼ਹਿਣਾ), ਗੁਰਮੀਤ ਸਿੰਘ (ਭੋਡੀਪੁਰਾ, ਭਗਤਾ ਭਾਈ ਕਾ), ਜਸਵਿੰਦਰ ਸਿੰਘ (ਮੁਮਾਰਾ, ਫਰੀਦਕੋਟ), ਸਤੀਸ਼ ਕੁਮਾਰ (ਭਾਮੀਆਂ, ਖਮਾਣੋਂ), ਸੁਨੀਲ ਕੁਮਾਰ (ਪੰਜ ਕੋਸੀ, ਖੂਈਆਂ ਸਰਵਰ), ਹਰਚਰਨ ਸਿੰਘ (ਕਸੋਆਣਾ, ਜ਼ੀਰਾ), ਲਖਵਿੰਦਰ ਸਿੰਘ (ਪੇਰੋਸ਼ਾਹ, ਸ੍ਰੀ ਹਰਗੋਬਿੰਦਪੁਰ), ਕੁਲਵਿੰਦਰ ਕੌਰ (ਬਿਲਸਾਪੁਰ, ਹੁਸ਼ਿਆਰਪੁਰ), ਬਸਤਿੰਦਰ ਸਿੰਘ (ਲਿੱਧਰਾਂ, ਜਲੰਧਰ ਪੱਛਮੀ), ਮੇਜਰ ਸਿੰਘ (ਸਿੱਧਵਾਂ, ਕਪੂਰਥਲਾ), ਸੁਮਿੱਤਰਾ (ਠੱਕਰਵਾਲ, ਲੁਧਿਆਣਾ-1), ਰਾਮਾਂ (ਮਾਣਕਹੇੜੀ, ਮਾਲੇਰਕੋਟਲਾ), ਸੱਤਿਆ ਪ੍ਰਕਾਸ਼ (ਦਾਤੇਵਾਸ, ਬੁਢਲਾਡਾ), ਕਰਮ ਚੰਦ (ਚੋਟੀਆਂ ਖੁਰਦ, ਮੋਗਾ-2), ਸੰਦੀਪ ਸਿੰਘ (ਕਿੱਲਿਆ ਵਾਲੀ, ਲੰਬੀ), ਗੋਪਾਲ ਵਰਮਾ (ਹਰਦਾਸਪੁਰ, ਪਟਿਆਲਾ ਦਿਹਾਤੀ), ਰਵਿੰਦਰ ਰਵਿਦਾਸ (ਮਨਵਾਲ, ਪਠਾਨਕੋਟ), ਚਰਨਜੀਤ ਸਿੰਘ (ਦਤਾਰਪੁਰ, ਮੋਰਿੰਡਾ), ਮੁਖਤਿਆਰ ਸਿੰਘ (ਮੋਜੋਵਾਲ, ਸੁਨਾਮ), ਅਕਾਸ਼ (ਮਦਨਹੇੜੀ, ਖਰੜ), ਸੁਖਵਿੰਦਰ ਰਾਮ (ਭਾਰਟਾ ਕਲਾਂ, ਐਸ.ਬੀ.ਐਸ. ਨਗਰ) ਅਤੇ ਰਾਮ ਲਾਲ (ਪੱਟੀ) ਦੇ ਨਾਂ ਸ਼ਾਮਲ ਹਨ।
‘ਉੱਤਮ ਸਕੂਲ’ ਐਵਾਰਡ —–
ਜਿਹੜੇ 23 ਸਰਕਾਰੀ ਸਕੂਲਾਂ ਨੂੰ ‘ਉੱਤਮ ਸਕੂਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਉਨ੍ਹਾਂ ਵਿਚ ਪਿੰਡ ਝੰਜੋਤੀ (ਅੰਮ੍ਰਿਤਸਰ), ਉੱਪਲੀ (ਬਰਨਾਲਾ), ਪੱਕਾਂ ਕਲਾਂ (ਬਠਿੰਡਾ), ਸੁੱਖਣਵਾਲਾ (ਫਰੀਦਕੋਟ), ਸਮਸ਼ਪੁਰ (ਫਤਹਿਗੜ੍ਹ ਸਾਹਿਬ), ਚਾਨਣ ਵਾਲਾ (ਫਾਜ਼ਿਲਕਾ), ਭਾਂਗਰ/ਸਤੀਏ ਵਾਲਾ (ਫਿਰੋਜ਼ਪੁਰ), ਕੋਟ ਧੰਦਲ (ਗੁਰਦਾਸਪੁਰ), ਨਾਰੂ ਨੰਗਲ ਖਾਸ (ਹੁਸ਼ਿਆਰਪੁਰ), ਜਮਸ਼ੇਰ (ਜਲੰਧਰ), ਸਿੱਧਵਾਂ (ਕਪੂਰਥਲਾ), ਐਤਿਆਣਾ (ਲੁਧਿਆਣਾ), ਬਾਗੜੀਆਂ (ਮਾਲੇਰਕੋਟਲਾ), ਝੁਨੀਰ (ਮਾਨਸਾ), ਬਿਲਾਸਪੁਰ (ਮੋਗਾ), ਉਦੇਕਰਨ (ਸ੍ਰੀ ਮੁਕਤਸਰ ਸਾਹਿਬ), ਕਲਿਆਣ (ਪਟਿਆਲਾ), ਬਧਾਨੀ (ਪਠਾਨਕੋਟ), ਝੱਲੀਆਂ ਕਲਾਂ (ਰੂਪਨਗਰ), ਤੋਲਾਵਾਲ (ਸੰਗਰੂਰ), ਮੋਲੀ ਬੈਦਵਾਨ (ਐਸ.ਏ.ਐਸ. ਨਗਰ), ਹਿਆਲਾ (ਐਸ.ਬੀ.ਐਸ. ਨਗਰ) ਅਤੇ ਖਡੂਰ ਸਾਹਿਬ (ਤਰਨ ਤਾਰਨ) ਦੇ ਨਾਂ ਸ਼ਾਮਲ ਹਨ।
ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ —–
ਇਸ ਮੌਕੇ ਵਿਭਾਗ ਦੇ 7 ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਚੰਗਾ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਐਕਸੀਅਨ ਸਰਬਜੀਤ ਸਿੰਘ, ਸਹਾਇਕ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਨਵਨੀਤ ਕੁਮਾਰ ਜਿੰਦਲ, ਜੇਈ ਰਾਜਿੰਦਰ ਸਿੰਘ, ਸਮੁਦਾਇਕ ਵਿਕਾਸ ਮਾਹਿਰ ਰਾਜੀਵ ਗਰਗ ਤੇ ਸੁਮਿਤਾ ਸੋਫਤ ਅਤੇ ਆਈਈਸੀ ਮਾਹਿਰ ਪੂਨਮ ਰਾਣੀ ਸ਼ਾਮਲ ਹਨ।