ਹਵਾਈ ਅੱਡੇ ’ਤੇ ਮਹਿਮਾਨਾਂ ਦਾ ਪੰਜਾਬੀ ਅੰਦਾਜ਼ ਵਿੱਚ ਨਿੱਘਾ ਸਵਾਗਤ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਦਿੱਲੀ ਦੇ ਐੱਲ.ਜੀ. ਵਿਨੈ ਕੁਮਾਰ ਸਕਸੈਨਾ ਅੰਮ੍ਰਿਤਸਰ ਪਹੁੰਚੇ

ਅੰਮ੍ਰਿਤਸਰ, 26 ਸਤੰਬਰ (ਜਗਜੀਤ ਸਿੰਘ ਧਾਲੀਵਾਲ)-ਅੰਮ੍ਰਿਤਸਰ ਵਿਖੇ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਉੱਤਰ ਖੇਤਰੀ ਕੌਂਸਲ ਦੀ 31 ਮੀਟਿੰਗ ਵਿੱਚ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੇ ਡੈਲੀਗੇਟਸ ਅੱਜ ਅੰਮ੍ਰਿਤਸਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਉੱਪਰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸ੍ਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਲੈਫਟੀਨੈਂਟ ਗਵਰਨਰ ਦਿੱਲੀ, ਸ੍ਰੀ ਵਿਨੈ ਕੁਮਾਰ ਸਕਸੈਨਾ, ਮੁੱਖ ਸਕੱਤਰ ਪੰਜਾਬ ਸ੍ਰੀ ਅਨੁਰਾਗ ਵਰਮਾ ਦਾ ਪਹੁੰਚਣ ’ਤੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਉੱਚ ਅਧਿਕਾਰੀ ਵੀ ਇਸ ਮੀਟਿੰਗ ਲਈ ਸ਼ਾਮਲ ਹੋਣ ਲਈ ਪਹੁੰਚੇ ਹਨ।

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਤੋਂ ਆ ਰਹੇ ਡੈਲੀਗੇਟਸ ਦੇ ਸਵਾਗਤ ਲਈ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਪੰਜਾਬੀ ਰਿਵਾਇਤੀ ਪਹਿਰਾਵੇ ਵਿੱਚ ਸੱਜੇ ਗੱਭਰੂ ਅਤੇ ਮੁਟਿਆਰਾਂ ਵੱਲੋਂ ਲੋਕ ਸਾਜ਼ਾਂ ਦੀ ਧੁੰਨ ਵਿੱਚ ਲੋਕ ਨਾਚ ਗਿੱਧੇ ਅਤੇ ਭੰਗੜੇ ਪਾ ਕੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਜਾ ਰਿਹਾ ਹੈ। ਮਹਿਮਾਨਾਂ ਦੇ ਗਲਾਂ ਵਿੱਚ ਪੰਜਾਬੀ ਕੈਂਠੇ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੰਜਾਬ ਦੀ ਇਸ ਮਹਿਮਾਨ-ਨਿਵਾਜੀ ਅਤੇ ਸਵਾਗਤ ਤੋਂ ਦੂਸਰੇ ਸੂਬਿਆਂ ਦੇ ਮਹਿਮਾਨ ਬਹੁਤ ਖੁਸ਼ ਹਨ।

CATEGORIES
Share This

COMMENTS

Wordpress (0)
Disqus (0 )
Translate