ਰਾਧਾ ਸਵਾਮੀ ਸ਼ਰਧਾਲੂਆਂ ਨੂੰ ਮਿਲੇਗੀ ਖਾਸ ਸੁਵਿਧਾ

ਚੰਡੀਗੜ੍ਹ। ਰੇਲਵੇ ਵਲੋਂ ਉੱਤਰਾਖੰਡ ਦੇ ਰੁਦਰਪੁਰ ਲਈ 2 ਸਿੱਧੀਆਂ ਸਪੈਸ਼ਲ ਟਰੇਨਾਂ 29 ਅਤੇ 30 ਸਤੰਬਰ ਨੂੰ ਚੱਲਣਗੀਆਂ। ਇਨ੍ਹਾਂ ਟਰੇਨਾਂ ਵਿਚ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਹਜ਼ਾਰਾਂ ਸ਼ਰਧਾਲੂ ਰੁਦਰਪੁਰ ਜਾਣਗੇ। ਦਸਣਯੋਗ ਹੈ ਕਿ ਡੇਰਾ ਬਿਆਸ ਦਾ ਉਤਰਾਖੰਡ ਦੇ ਰੁਦਰਪੁਰ ਵਿਚ ਵੀ ਇਕ ਵਿਸ਼ਾਲ ਸਤਿਸੰਗ ਘਰ ਹੈ ਅਤੇ ਉਥੇ 3 ਅਤੇ 4 ਅਕਤੂਬਰ ਨੂੰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿਚ ਪਹੁੰਚ ਕੇ ਸਤਸੰਗ ਕਰਨਗੇ। ਇਸ ਭੰਡਾਰੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ।ਜਿਸ ਦੇ ਲਈ ਡੇਰੇ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ 2 ਸਪੈਸ਼ਲ ਟਰੇਨਾਂ ਰੁਦਰਪੁਰ ਲਈ ਚਲਾਈਆਂ ਜਾ ਰਹੀਆਂ ਹਨ। 22 ਡੱਬਿਆਂ ਅਤੇ 2 ਐੱਸ.ਐੱਲ.ਆਰ ਵਾਲੀ ਇਸ ਟਰੇਨ ਵਿਚ ਡੇਰੇ ਦੀ ਸੰਗਤ ਅਤੇ ਸੇਵਾਦਾਰ ਹੋਣਗੇ। ਜਿਹੜੇ ਕਿ ਪੂਰੀ ਵਿਵਸਥਾ ਵਿਚ ਆਪਣਾ ਯੋਗਦਾਨ ਦੇਣਗੇ। ਸੂਤਰਾਂ ਮੁਤਾਬਕ ਇਸ ਟਰੇਨ ਵਿਚ ਜਾਣ ਵਾਲੀ ਸੰਗਤ ਲਈ ਡੇਰੇ ਵੱਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ। ਭੰਡਾਰੇ ਤੋਂ ਬਾਅਦ ਉਕਤ ਟਰੇਨਾਂ ਰੁਦਰਪੁਰ ਤੋਂ 4 ਅਕਤੂਬਰ ਨੂੰ ਵਾਪਸੀ ਲਈ ਰਵਾਨਾ ਹੋਣਗੀਆਂ।
29 ਸਤੰਬਰ ਨੂੰ ਬਿਆਸ ਤੋਂ ਰੁਦਰਪੁਰ ਲਈ ਚੱਲਣ ਵਾਲੀ ਟਰੇਨ (04694) ਰਾਤ 8 ਵਜੇ ਬਿਆਸ ਸਟੇਸ਼ਨ ਤੋਂ ਚੱਲੇਗੀ। ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਇਸ ਦਾ ਸਮਾਂ 8.50 ਵਜੇ ਹੈ। ਇਹ ਟਰੇਨ ਫਗਵਾੜਾ, ਲੁਧਿਆਣਾ,ਰਾਜਪੁਰਾ,ਅੰਬਾਲਾ, ਸਹਾਰਨਪੁਰ ਮੁਰਾਦਾਬਾਦ ਅਤੇ ਰਾਮਪੁਰ ਸਟੇਸ਼ਨਾਂ ’ਤੇ ਰੁਕੇਗੀ।ਇਹ ਟਰੇਨ 30 ਸਤੰਬਰ ਨੂੰ ਸਵੇਰੇ 7.30 ਵਜੇ ਰੁਦਰਪੁਰ ਸਟੇਸ਼ਨ ’ਤੇ ਪਹੁੰਚੇਗੀ। ਵਾਪਸੀ ਲਈ ਟਰੇਨ ਨੰਬਰ (04693) 4 ਅਕਤੂਬਰ ਨੂੰ ਰਾਤੀਂ 8 ਵਜੇ ਰੁਦਰਪੁਰ ਤੋਂ ਚੱਲ ਕੇ 5 ਅਕਤੂਬਰ ਨੂੰ ਸਵੇਰੇ 9.30 ਵਜੇ ਬਿਆਸ ਸਟੇਸ਼ਨ ’ਤੇ ਪਹੁੰਚੇਗੀ।
ਇਸੇ ਤਰ੍ਹਾਂ 30 ਸਤੰਬਰ ਨੂੰ ਚੱਲਣ ਵਾਲੀ ਟਰੇਨ ਬਿਆਸ ਸਟੇਸ਼ਨ ਤੋਂ ਰਾਤ 8 ਵਜੇ ਰਵਾਨਾ ਹੋਵੇਗੀ। ਜਿਹੜੀ ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਰਾਜਪੁਰਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ ਅਤੇ ਰਾਮਪੁਰ ਸਟੇਸ਼ਨਾਂ ’ਤੇ ਰੁਕਣ ਤੋਂ ਬਾਅਦ 1 ਅਕਤੂਬਰ ਨੂੰ ਸਵੇਰੇ 7.30 ਵਜੇ ਰੁਦਰਪੁਰ ਸਟੇਸ਼ਨ ’ਤੇ ਪਹੁੰਚੇਗੀ।

CATEGORIES
Share This

COMMENTS

Wordpress (0)
Disqus (0 )
Translate