ਗੋਪੀਚੰਦ ਕਾਲਜ ਵਿੱਚ ਐਨ ਐਸ ਐਸ ਯੂਨਿਟ ਵੱਲੋਂ ਇੱਕ ਦਿਨਾ ਕੈਂਪ ਦਾ ਸਫਲ ਆਯੋਜਨ
ਅਬੋਹਰ 19 ਸਤੰਬਰ ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੇ ਯੋਗ ਨਿਰਦੇਸ਼ਨ ਅਧੀਨ ਐਨ ਐਸ ਐਸ ਇੰਚਾਰਜ ਮੈਡਮ ਮਮਤਾ ਅਤੇ ਕੋ-ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਦੀ ਦੇਖ ਰੇਖ ਵਿੱਚ ਇਕ ਦਿਨਾ ਐਨ ਐਸ ਐਸ ਕੈਂਪ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਵਿੱਚ 30 ਦੇ ਲਗਭਗ ਵਿਦਿਆਰਥਣਾਂ ਨੇ ਭਾਗ ਲਿਆ।ਇਸ ਕੈਂਪ ਦਾ ਥੀਮ ‘ਮੇਰੀ ਮਾਟੀ ਮੇਰਾ ਦੇਸ਼’ ਰਿਹਾ ਜਿਸ ਦੇ ਅੰਤਰਗਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਸੰਹੁ ਚੁੱਕ ਸਮਾਗਮ ਦੇ ਰੂਪ ਵਿੱਚ ਹੋਈ ਜਿਸ ਵਿਚ ਵਿਦਿਆਰਥਣਾਂ ਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਚੁਕਾਈ ਗਈ ਅਤੇ ਐਨ ਐਸ ਐਸ ਦੇ ਮਾਟੋ ‘ਨਾਟ ਮੀ ਬਟ ਯੂ’ ਦੇ ਆਸ਼ੇ ਅਨੁਸਾਰ ਸਮਾਜ ਵਿਚ ਵਿਚਰਨ ਦਾ ਸੁਨੇਹਾ ਦਿੱਤਾ ਗਿਆ। ਉਪਰੰਤ ਵਿਦਿਆਰਥਣਾਂ ਵੱਲੋਂ ਸ਼ਹਿਰ ਵਿਚ ਰੈਲੀ ਕੱਢੀ ਗਈ ਜਿਸ ਰਾਹੀਂ ਵਿਦਿਆਰਥਣਾਂ ਨੇ ਸ਼ਹਿਰਵਾਸੀਆਂ ਨੂੰ ਮਹਿਲਾ ਸਸ਼ਕਤੀਕਰਨ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ।
ਇਸ ਤੋਂ ਬਾਅਦ ਵਿਦਿਆਰਥਣਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਹੜੇ ਵਿੱਚ ਜਾ ਕੇ ਸੇਵਾ ਕੀਤੀ। ਸਟੱਡੀ ਸਰਕਲ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨੇ ਦੀ ਸਾਫ਼ ਸਫ਼ਾਈ ਅਤੇ ਉਸ ਵਿੱਚ ਮੌਜੂਦ ਸਮਾਨ ਦੀ ਗਿਣਤੀ ਕਰਕੇ ਉਸ ਵਿਉਂਤਬੰਦੀ ਨਾਲ ਰੱਖਿਆ ਗਿਆ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਵਿਦਿਆਰਥਣਾਂ ਅੰਦਰ ਸਮਾਜ ਸੇਵਾ ਪ੍ਰਤੀ ਚੇਤਨਤਾ ਪੈਦਾ ਕਰਨਾ ਹੈ ਅਤੇ ਗੋਪੀਚੰਦ ਆਰੀਆ ਮਹਿਲਾ ਕਾਲਜ ਆਪਣੀ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਹੇਗਾ। ਉਨ੍ਹਾਂ ਇਸ ਇੱਕ ਰੋਜ਼ਾ ਕੈਂਪ ਦੇ ਸਫ਼ਲ ਆਯੋਜਨ ਲਈ
ਵਲੰਟੀਅਰਾਂ ਅਤੇ ਅਧਿਆਪਕ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿੱਤੀ।



