ਜੇਕਰ ਰਾਸ਼ਟਰਪਤੀ ਸ਼ਾਸਨ ਲਾਉਣਾ ਹੈ ਤਾਂ ਮਣੀਪੁਰ ਵਿੱਚ ਲਾਓ-ਪ੍ਰਿੰਸੀਪਲ ਬੁੱਧਰਾਮ
ਚੰਡੀਗੜ੍ਹ, 26 ਅਗਸਤ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਚਿਤਾਵਨੀ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਬਿਆਨ ਨਾਲ ਭਾਜਪਾ ਦਾ ਪੰਜਾਬ ਪ੍ਰਤੀ ਏਜੰਡਾ ਸਾਹਮਣੇ ਆਇਆ ਹੈ,ਪਰ ਪੰਜਾਬ ਦੇ ਲੋਕ ਕਦੇ ਅਜਿਹਾ ਨਹੀਂ ਹੋਣ ਦੇਣਗੇ ।
ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੈ ਤਾਂ ਮਣੀਪਰ ਵਿੱਚ ਕੀਤਾ ਜਾਵੇ। ਜਿੱਥੇ ਔਰਤਾਂ ਨੂੰ ਨਿਰਵਸਤਰ ਕੀਤਾ ਗਿਆ ਅਤੇ ਭਾਰਤ ਨੂੰ ਦੁਨੀਆ ਵਿੱਚ ਸ਼ਰਮਸਾਰ ਹੋਣਾ ਪਿਆ। ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਰਾਸ਼ਟਰਪਤੀ ਸ਼ਾਸਨ ਲਾਗੂ ਨਹੀਂ ਹੋਣ ਦੇਵੇਗੀ।
ਨਸ਼ੇ ਦੇ ਮੁੱਦੇ ਉੱਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਕਾਰਵਾਈ ਕਰ ਰਹੀ ਹੈ। ‘ਆਪ’ ਦਾ ਕੋਈ ਵਰਕਰ, ਵਿਧਾਇਕ ਜਾਂ ਮੰਤਰੀ ਨਸ਼ੇ ਦਾ ਸਮਰਥਨ ਨਹੀਂ ਕਰਦਾ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜਨ ਨਸ਼ਾ ਮੁਕਤ ਪੰਜਾਬ ਹੈ। ਸਾਰੇ ਇਸ ਨੂੰ ਸਫਲ ਬਣਾਉਣ ਵਿੱਚ ਲੱਗੇ ਹੋਏ ਹਨ।
ਦੂਜੇ ਪਾਸੇ ਰਾਏਕੋਟ ਵਿੱਚ ‘ਆਪ’ ਵਿਧਾਇਕ ਦੇ ਪੀਏ ਦੀ ਪਤਨੀ ਦੀ ਕਥਿਤ ਨਸ਼ਾ ਵੇਚਣ ਦੀ ਵੀਡੀਓ ਤੇ ਬੁੱਧ ਰਾਮ ਨੇ ਕਿਹਾ ਕਿ ਚਾਹੇ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਪ੍ਰਿੰਸੀਪਲ ਬੁੱਧ ਰਾਮ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।