ਹੜ੍ਹਾਂ ਦੀ ਔਖੀ ਘੜੀ ਵਿੱਚ ਗ਼ੈਰ ਗੰਭੀਰਤਾ ਕਾਰਨ ਲੋਕਾਂ ਦੀ ਮਦਦ ਕਰਨ ਵਿੱਚ ਨਕਾਮ ਰਹੀ ਸੂਬਾ ਸਰਕਾਰ- ਸੁਨੀਲ ਜਾਖੜ

ਮੁੱਖ ਮੰਤਰੀ ਦੇ ਬਿਆਨ ਗੈਰ ਜਿੰਮੇਵਾਰਾਨਾ

ਟਾਂਡਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਹੁਸ਼ਿਆਰਪੁਰ/ਟਾਂਡਾ ਉੜਮੁੜ (ਐਸ ਐਸ ਢਿੱਲੋਂ)
ਹੜ੍ਹਾਂ ਦੀ ਮੁਸ਼ਕਿਲ ਘੜੀ ਵਿੱਚ ਲੋਕਾਂ ਦੀ ਮਦਦ ਕਰਨ ਵਿਚ ਸੂਬਾ ਸਰਕਾਰ ਇੱਕ ਵਾਰ ਫਿਰ ਨਾਕਾਮ ਸਾਬਿਤ ਹੋਈ ਹੈ। ਕਰੀਬ ਇੱਕ ਮਹੀਨਾ ਪਹਿਲਾਂ ਆਏ ਹੜਾਂ ਤੋਂ ਵੀ ਕੋਈ ਸਬਕ ਨਾ ਲੈਂਦਿਆਂ ਪੰਜਾਬ ਸਰਕਾਰ ਨੇ ਮੁੜ ਗੈਰ ਗੰਭੀਰਤਾ ਵਿਖਾਉਂਦੇ ਹੋਏ ਹੜਾਂ ਸਬੰਧੀ ਕੋਈ ਪ੍ਰਬੰਧ ਨਹੀਂ ਕੀਤੇ। ਜਿਸ ਕਾਰਨ ਅੱਜ ਫਿਰ ਲੋਕ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲਣ ਲਈ ਮਜਬੂਰ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਟਾਂਡਾ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮੌਕੇ ਸਰਕਾਰ ਨੂੰ ਘੇਰਦਿਆ ਕੀਤਾ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਮੁੜ ਹੜਾਂ ਕਰਨ ਤਬਾਹੀ ਮੱਚ ਰਹੀ ਹੈ ਤੇ ਪਿੰਡਾਂ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਨਾਂ ਸਮਾਂ ਬੀਤਣ ਬਾਦ ਵੀ ਲੋਕਾਂ ਨੂੰ ਮੁਆਵਜਾ ਨਹੀਂ ਦਿੱਤਾ ਗਿਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਹੜਾਂ ਦੀ ਮਾਰੂ ਸਥਿਤੀ ਨੂੰ ਵੀ ਇਹ ਕਹਿ ਰਹੇ ਹਨ ਕਿ ਸਥਿਤੀ ਆਮ ਵਾਂਗ ਹੈ। ਸਰਕਾਰ ਇਸ ਸਥਿਤੀ ਨੂੰ ਗੰਭੀਰਤਾ ਨਾਲ ਲਵੇ ਤੇ ਲੋਕਾਂ ਦੀ ਮਦਦ ਕਰੇ। ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਬਿਆਨਾਂ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਹ ਸੂਬੇ ਵਿੱਚ ਗੰਭੀਰ ਨਹੀਂ ਹਨ। ਜਾਖੜ ਨੇ ਤੰਜ ਕਸਦਿਆਂ ਕਿਹਾ ਕਿ ਕਮੇਡੀ ਸ਼ੋਅ ਚਲਾਉਣਾ ਸੌਖਾ ਹੈ। ਪਰ ਸਰਕਾਰ ਗੰਭੀਰਤਾ ਨਾਲ ਚਲਾਉਣੀ ਔਖੀ ਹੈ। ਸਰਕਾਰ ਲੋਕਾਂ ਦੀ ਮਦਦ ਲਈ ਹੁੰਦੀ ਹੈ। ਸਰਕਾਰ ਨੂੰ ਤੁਰੰਤ ਲੋਕਾਂ ਤੱਕ ਮਦਦ ਪਹੁੰਚਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਪੂਰੀ ਮਦਦ ਕਰਨ ਲਈ ਤਿਆਰ ਹੈ ਕੇਂਦਰੀ ਟੀਮ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਚੁੱਕੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਇਹ ਕਹਿ ਦਿੰਦੇ ਹਨ ਕਿ ਕੇਂਦਰ ਸਰਕਾਰ ਤੋਂ ਸਾਨੂੰ ਕੋਈ ਮਦਦ ਦੀ ਲੋੜ ਨਹੀਂ ਦੂਜੇ ਪਾਸੇ ਇਹਨਾਂ ਦੇ ਗੱਠਜੋੜ ਵਾਲੇ ਕਾਂਗਰਸ ਦੇ ਆਗੂ ਇਹਨਾਂ ਦੀ ਬੋਲੀ ਬੋਲ ਕੇ ਕੇਂਦਰ ਤੋਂ ਮਦਦ ਮੰਗ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਦੀ ਬਜਾਇ ਦਿੱਲੀ ਵਾਸਤੇ ਧਰਨੇ ਲਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੇਂਦਰ ਸਰਕਾਰ ਕੋਲ ਪੂਰੀ ਵਕਾਲਤ ਕਰ ਰਹੇ ਹਾਂ। ਪਰ ਸੂਬਾ ਸਰਕਾਰ ਨੂੰ ਵੀ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੇ ਹਿੱਤਾਂ ਲਈ ਖੜਨਾ ਚਾਹੀਦਾ ਹੈ। ਇਸ ਦੌਰਾਨ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਜਾਖੜ ਨੂੰ ਦਸੀਆਂ। ਇਸ ਮੌਕੇ ਤੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਵੀ ਲੋਕਾਂ ਨੂੰ ਮਦਦ ਦਾ ਭਰੋਸਾ ਦਿੱਤਾ।

CATEGORIES
Share This

COMMENTS

Wordpress (0)
Disqus (0 )
Translate