ਚੌਧਰੀ ਫਕੀਰਚੰਦ ਦੇ ਪੋਤੇ ਨੇ ਨਿਹਾਲ ਖੇੜਾ ਨਿਵਾਸੀਆਂ ਨੂੰ ‘ਸਵ: ਚੌਧਰੀ ਫਕੀਰਚੰਦ ਮਾਰਗ’ ਸਮਰਪਿਤ ਕੀਤਾ

ਅਬੋਹਰ, 8 ਅਗਸਤ (ਜਗਜੀਤ ਸਿੰਘ ਧਾਲੀਵਾਲ) ਹਲਕਾ ਬੱਲੂਆਣਾ ਦੇ ਪਿੰਡ ਨਿਹਾਲ ਖੇੜਾ ‘ਚ ਅਬੋਹਰ-ਫਾਜ਼ਿਲਕਾ ਰੇਲਵੇ ਲਾਈਨ ਵਿਛਣ ਤੋਂ ਬਾਅਦ ਪਿੰਡ ਨਿਹਾਲ ਖੇੜਾ ਵਾਸੀਆਂ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਾਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਰੇਲਵੇ ਲਾਈਨਾਂ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ। ਜਦੋਂ ਸਵ: ਚੌਧਰੀ ਫਕੀਰਚੰਦ ਦੇ ਪੋਤੇ ਡਾਕਟਰ ਅੰਕੁਰ ਚੌਧਰੀ ਅਤੇ ਅਕਸ਼ੈ ਚੌਧਰੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਵਾਹੀਯੋਗ ਜ਼ਮੀਨ ਵਿਚੋਂ ਜ਼ਮੀਨ ਦਾਨ ਕਰਕੇ ਪਿੰਡ ਤੋਂ ਸ਼ਮਸ਼ਾਨਘਾਟ ਤੱਕ ਵਿਸ਼ੇਸ਼ ਸੜਕ ‘ਸਵ: ਚੌਧਰੀ ਫਕੀਰਚੰਦ ਮਾਰਗ’ ਬਣਾ ਦਿੱਤਾ। ਉਨ੍ਹਾਂ ਨੇ ਵਾਹੀਯੋਗ ਜ਼ਮੀਨ ਵਿੱਚੋਂ ਵਿਸ਼ੇਸ ਜ਼ਮੀਨ ਦੇ ਕੇ ਸੜਕ ਨੂੰ ਸ਼ਮਸ਼ਾਨਘਾਟ ਨਾਲ ਜੋੜਿਆ ਹੈ। ਨਿਹਾਲ ਖੇੜਾ ਦੇ ਵਸਨੀਕਾਂ ਨੇ ਡਾਕਟਰ ਅੰਕੁਰ ਚੌਧਰੀ ਅਤੇ ਸ੍ਰੀ ਅਕਸ਼ੈ ਚੌਧਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਇਸ ਨੇਕ ਵਿਚਾਰ ਦੀ ਸ਼ਲਾਘਾ ਕੀਤੀ ਹੈ ਅਤੇ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਆਪਣੇ ਇਸ ਨੇਕ ਕਾਰਜ ਲਈ ਚੰਡੀਗੜ੍ਹ ਤੋਂ ਪਿੰਡ ਨਿਹਾਲ ਖੇੜਾ ਪਹੁੰਚਣ ‘ਤੇ ਸਮੂਹ ਪਿੰਡ ਵਾਸੀਆਂ ਨੇ ਢੋਲ-ਨਗਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸਵ: ਚੌਧਰੀ ਫਕੀਰ ਚੰਦ ਦੇ ਧਰਮੀ ਹੋਣ ਦੇ ਚਰਚੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ ਅਤੇ ਉਨ੍ਹਾਂ ਦੇ ਪੋਤਰਿਆਂ ਨੇ ਉਨ੍ਹਾਂ ਦੇ ਸਨਮਾਨ ‘ਚ ਚਾਰ ਚੰਦ ਲਗਾ ਦਿੱਤੇ ਹਨ। ਇਸ ਸਬੰਧੀ ਜਦੋਂ ਡਾਕਟਰ ਅੰਕੁਰ ਚੌਧਰੀ ਅਤੇ ਅਕਸ਼ੈ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਕਾਫੀ ਸਮੇਂ ਤੋਂ ਗੰਭੀਰ ਸਨ, ਪਰ ਕੋਈ ਹੋਰ ਚਾਰਾ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਫਾਰਮ ‘ਚੋਂ ‘ਸਵ: ਚੌਧਰੀ ਫਕੀਰਚੰਦ ਮਾਰਗ’ ਕੱਢ ਕੇ ਇਸ ਨੂੰ ਜਾਣਯੋਗ ਬਣਾ ਕੇ ਪਿੰਡ ਵਾਸੀਆਂ ਦੀ ਮਦਦ ਅਤੇ ਸੇਵਾ ਦੋਵੇਂ ਹੀ ਕੀਤੀਆਂ ਹਨ। ਅਸੀ ਇਹ ਰਸਤਾ ਸਾਡੇ ਸਵ: ਪਿਤਾ ਚੋਧਰੀ ਫ਼ਤਹਿ ਚੰਦ (ਅੰਨੂ ਚੋਧਰੀ) ਦੀ ਯਾਦ ਵਿੱਚ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਡਾ.ਅਮਿਤਾ ਚੌਧਰੀ, ਡਾ. ਅੰਕੁਰ ਚੌਧਰੀ ਦੀ ਪਤਨੀ ਪੂਨਮ ਚੌਧਰੀ ਅਤੇ ਅਕਸ਼ੈ ਚੌਧਰੀ ਦੀ ਪਤਨੀ ਸ਼ਾਰਦਾ ਚੌਧਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

CATEGORIES
Share This

COMMENTS

Wordpress (0)
Disqus (1 )
Translate