ਕੱਟੜ ਇਮਾਨਦਾਰੀ ਦਾ ਦਿਖਾਵਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ-ਜਾਖੜ ਕਈ ਸੱਤਾਧਾਰੀ ਵਿਧਾਇਕਾਂ ਨੇ ਐਮ.ਐਲ.ਏ ਮਾਫੀਆ ਬਣਾਇਆ
ਸੂਬੇ ਵਿੱਚ ਹੋਏ ਖਰਾਬੇ ਦਾ ਤੁਰੰਤ ਮੁਆਵਜਾ ਜਾਰੀ ਕਰੇ ਸਰਕਾਰ
ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਅਹੁਦੇਦਾਰਾਂ ਨਾਲ ਕੀਤੀ ਬੈਠਕ
ਚੰਡੀਗੜ੍ਹ 1 ਅਗਸਤ (ਜਗਜੀਤ ਸਿੰਘ ਧਾਲੀਵਾਲ)
ਇਮਾਨਦਾਰੀ ਦਾ ਢੰਡੋਰਾ ਪਿੱਟ ਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਖਤਮ ਹੋਣ ਦੀ ਬਜਾਏ ਭ੍ਰਿਸ਼ਟਾਚਾਰ ਮਹਿੰਗਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇੱਥੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਸੱਤਾ ਧਿਰ ਦੇ ਕਈ ਵਿਧਾਇਕ ਐਮਐਲਏ ਮਾਫੀਆ ਬਣਾ ਕੇ ਬੈਠੇ ਹੋਏ ਹਨ। ਜਿਨ੍ਹਾਂ ਦੇ ਭੇਤ ਰੈਵੇਨਿਉ ਵਿਭਾਗ ਦੇ ਅਧਿਕਾਰੀਆਂ ਨੇ ਸ਼ਰੇਆਮ ਚਿੱਠੀ ਵਿੱਚ ਖੋਲੇ ਹਨ। ਕਿ ਕਿਸ ਤਰਾਂ ਵਿਧਾਇਕਾਂ ਵੱਲੋਂ ਉਹਨਾਂ ਤੋਂ ਗਲਤ ਕੰਮ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੱਤਾ ਧਿਰ ਦੇ ਵਿਧਾਇਕਾਂ ਵੱਲੋਂ ਲੈਣ-ਦੇਣ ਦੀਆਂ ਸੈਟਿੰਗਾਂ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਜਾਂ ਪੜਤਾਲ ਕਰਨ ਦੀ ਬਜਾਏ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਪਰਦਾ ਪਾਉਣ ਲਈ ਵਿਜ਼ੀਲੈਂਸ ਦੀ ਦੁਰਵਰਤੋ ਸਰਕਾਰ ਵਲੋਂ ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਕਾਰਨ ਜੋ ਭਾਰੀ ਨੁਕਸਾਨ ਹੋਇਆ ਹੈ। ਉਸ ਲਈ ਮੁੱਖ ਮੰਤਰੀ ਸਿੱਧੇ ਤੌਰ ਤੇ ਜਿੰਮੇਵਾਰ ਹਨ ਕਿਉਂਕਿ ਸਮਾਂ ਰਹਿੰਦਿਆਂ ਹੜਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੋਰੀ ਤੌਰ ਤੇ 218 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਇਸ ਲਈ ਤੁਰੰਤ ਕਿਸਾਨਾਂ ਦੇ ਹੋਏ ਨੁਕਸਾਨ ਤੇ ਲੋਕਾਂ ਦੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਬਿਨਾਂ ਗਰਦਾਵਰੀ ਦਿੱਤਾ ਜਾਵੇ। ਜਾਖੜ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਇਹ ਕਹਿੰਦੇ ਹਨ ਕਿ ਕੇਂਦਰ ਸਰਕਾਰ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਦੂਜੇ ਪਾਸੇ ਇਹਨਾਂ ਦੀ ਹਮਾਇਤੀ ਸਰਕਾਰੀ ਵਿਰੋਧੀ ਧਿਰ ਦੇ ਲੀਡਰ ਆਪਣੇ ਆਪ ਨੂੰ ਪਰਚਿਆਂ ਤੋਂ ਬਚਾਉਣ ਲਈ ਤੇ ਮੁੱਖ ਮੰਤਰੀ ਅੱਗੇ ਨੰਬਰ ਬਣਾਉਣ ਲਈ 20 ਹਜ਼ਾਰ ਕਰੋੜ ਦੀ ਮੰਗ ਕੇਂਦਰ ਸਰਕਾਰ ਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਇਹਨਾਂ ਦੇ ਮੰਤਰੀਆਂ ਵੱਲੋਂ ਵੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਡਰਾਮੇ ਬਾਜ਼ੀ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਆਪਣੇ ਬੋਸ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ। ਕਾਂਗਰਸ ਤੇ ਤਿੱਖਾ ਹਮਲਿਆਂ ਬੋਲਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਦੀ ਯੂਨਿਟ ਬੰਦ ਕਰ ਦੇਣੀ ਚਾਹੀਦੀ ਹੈ। ਕਿਉਂਕਿ ਇਹ ਹੁਣ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਯੋਗ ਨਹੀਂ ਰਹੇ। ਉਨਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਹੋਈ ਸਾਜਿਸ਼ ਦਾ ਜ਼ਿਕਰ ਵੀ ਕੀਤਾ। ਦਿੱਲੀ ਦੇ ਆਰਡੀਨੈਂਸ ਬਾਰੇ ਗੱਲ ਕਰਦਿਆਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਧਾਰਮਿਕ ਮਸਲਿਆਂ ਵਿੱਚ ਸਿਆਸੀ ਦਖਲ ਅੰਦਾਜੀ ਅਤੇ ਸੂਬਿਆਂ ਦੇ ਹੱਕਾਂ ਉਤੇ ਕਿਸੇ ਵੀ ਤਰਾਂ ਦੇ ਡਾਕੇ ਦੇ ਉਹ ਹਮਾਇਤੀ ਨਹੀਂ ਹਨ। ਪਰ ਦਿੱਲੀ ਵਿੱਚ ਸ਼ੀਸ਼ ਮਹਿਲ ਸਮੇਤ ਹੋਏ ਘਪਲਿਆਂ ਨੂੰ ਛੁਪਾਉਣ ਲਈ ਜਿੱਥੇ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਉਥੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਧਾਰਮਿਕ ਮਸਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਕਿਤੇ ਨਾ ਕਿਤੇ ਚੋਰ ਦਰਵਾਜਿਆਂ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ। ਜਿਨ੍ਹਾਂ ਖਿਲਾਫ ਉਹ ਆਵਾਜ਼ ਚੁੱਕਦੇ ਰਹਿਣਗੇ। ਮਨੀਪੁਰ ਵਿਖੇ ਵਾਪਰੀ ਘਟਨਾ ਬਾਰੇ ਜਾਖੜ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਤੇ ਇਸ ਦਰਿੰਦਗੀ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਕੇਂਦਰ ਦੇ ਨੀਂਹ ਪੱਥਰ ਵਿੱਚ ਹੋ ਰਹੀ ਦੇਰੀ ਬਾਰੇ ਜਾਖੜ ਨੇ ਕਿਹਾ ਕਿ ਜਲਦੀ ਹੀ ਇਸ ਦਾ ਨੀਂਹ ਪੱਥਰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੱਖਣਗੇ। ਇਸ ਮੌਕੇ ਤੇ ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ ਸੁਖਪਾਲ ਸਿੰਘ ਨੰਨੂ ਤੇ ਭਾਜਪਾ ਦੇ ਹੋਰ ਆਗੂ ਵੀ ਹਾਜ਼ਰ ਸਨ।



