ਅਨੀਮੀਆ ਮੁਕਤ ਪੰਜਾਬ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ( ਜਗਜੀਤ ਸਿੰਘ ਧਾਲੀਵਾਲ)-ਅਨੀਮੀਆ ਮੁਕਤ ਪੰਜਾਬ ਮੁਹਿੰਮ ਅਧੀਨ ਡਾ. ਰੂਹੀ ਦੁੱਗ ਆਈ.ਏ.ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੁਹਿੰਮ ਨੂੰ ਸਾਰਥਕ ਤਰੀਕੇ ਨਾਲ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਅਤੇ ਔਰਤਾਂ ਵਿਚ ਜੇਕਰ ਅਨੀਮਿਆ ਹੁੰਦਾ ਹੈ ਤਾਂ ਇਸ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਵਿਚ ਕਮੀ ਆ ਸਕਦੀ ਹੈ। ਇਸ ਸਬੰਧ ਵਿਚ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ 12 ਜੁਲਾਈ ਤੋਂ 12 ਅਗਸਤ ਤੱਕ ਪੂਰੇ ਪੰਜਾਬ ਵਿੱਚ ਅਨੀਮਿਆ ਮੁਕਤ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦਾ ਮਕਸਦ ਬੱਚਿਆਂ ਅਤੇ ਔਰਤਾਂ ਵਿੱਚ ਅਨੀਮਿਆ ਦੀ ਪਛਾਣ ਕਰਕੇ ਅਤੇ ਉਨ੍ਹਾਂ ਦਾ ਇਲਾਜ ਕਰਕੇ ਰਾਜ ਵਿੱਚ ਅਨੀਮਿਆ ਦੀ ਦਰ ਨੂੰ ਘੱਟ ਕਰਨਾ ਹੈ, ਤਾਂ ਜੋ ਬੱਚਿਆਂ ਦਾ ਭਰਭੂਰ ਵਿਕਾਸ ਹੋ ਸਕੇ ਅਤੇ ਉਹ ਤੰਦਰੁਸਤ ਜਿੰਦਗੀ ਜੀ ਸਕਣ।
ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਬੱਚਿਆਂ, ਕਿਸ਼ੋਰਾਂ, ਗਰਭਵਤੀ ਔਰਤਾਂ ਅਤੇ 18 ਤੋਂ 50 ਸਾਲ ਤੱਕ ਦੀਆਂ ਸਾਰੀਆਂ ਔਰਤਾਂ ਦਾ ਵਿਸ਼ੇਸ਼ ਕੈਂਪ ਲਗਾ ਕੇ ਜਾਂਚ ਕੀਤੀ ਜਾਵੇ ਅਤੇ ਅਨੀਮਿਕ ਬੱਚਿਆਂ ਅਤੇ ਔਰਤਾਂ ਦੀ ਪਛਾਣ ਕਰਕੇ ਉਨ੍ਹਾ ਦਾ ਇਲਾਜ ਕੀਤਾ ਜਾਵੇ।
ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐਮ.ਸੀ.-ਕਮ-ਨੋਡਲ ਅਫਸਰ ਆਰ.ਬੀ.ਐਸ.ਕੇ. ਨੇ ਕਿਹਾ ਕਿ ਸਿਹਤ ਵਿਭਾਵ ਵੱਲੋਂ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਹਰ ਹਫਤੇ ਬੁੱਧਵਾਰ ਨੂੰ ਸਾਰੇ ਬੱਚਿਆਂ ਨੂੰ ਆਇਰਨ ਦਾ ਸਿਰਪ ਅਤੇ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਹਰ ਹਫਤੇ ਆਇਰਨ ਦੀ ਗੋਲੀ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾ ਨੂੰ ਅਨੀਮਿਆ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਸਾਰੀਆਂ ਗਰਭਵਤੀ ਔਰਤਾਂ ਨੂੰ ਗਰਭ ਦੇ ਪਿਛਲੇ 6 ਮਹੀਨੇ ਅਤੇ ਜਨੇਪੇ ਤੋਂ ਬਾਅਦ ਵੀ 6 ਮਹੀਨੇ ਤੱਕ ਹਰ ਰੋਜ ਇੱਕ ਆਇਰਨ ਦੀ ਗੋਲੀ ਦਿੱਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਵਿੱਚ ਖੂਨ ਦੀ ਕਮੀ ਨਾ ਹੋਵੇ।
ਇਸ ਮੌਕੇ ਪੰਕਜ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅਨੀਮਿਆ ਮੁਕਤ ਪੰਜਾਬ ਅਧੀਨ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋਂ ਅਨੀਮਿਕ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਡਾ. ਪ੍ਰਤੀਕ ਖੰਨਾ, ਹਰਜੀਤ ਸਿੰਘ ਡਿਪਟੀ ਡੀ.ਈ.ਓ., ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ.ਪੀ.ਐਮ., ਮਿਸ ਸ਼ਾਲੂ ਆਰ.ਬੀ.ਐਸ.ਕੇ ਕੁਆਰਡੀਨੇਟਰ,ਸੁਰਿੰਦਰ ਸਿੰਘ ਐਮ.ਈ.ਓ. ਹਾਜ਼ਰ ਸਨ।



