ਪੰਜਾਬ ਦੇ ਸਿਹਤ ਮੰਤਰੀ ਨੇ ਹੜ੍ਹ ਰਾਹਤ ਕਾਰਜਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ ਦਿੱਤੀ; ਉਹਨਾਂ ਦਾ ਸਾਥ ਦਿੰਦਿਆਂ ਆਈ.ਐਮ.ਏ. ਪੰਜਾਬ ਨੇ ਵੀ 35 ਲੱਖ ਰੁਪਏ ਦਾ ਪਾਇਆ ਯੋਗਦਾਨ
ਚੰਡੀਗੜ੍ਹ, 25 ਜੁਲਾਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੜ੍ਹ ਰਾਹਤ ਪ੍ਰਬੰਧ ਅਤੇ ਮੁੜ ਵਸੇਬੇ ਦੇ ਯਤਨਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਅੱਜ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਪਾਇਆ। ਸਿਹਤ ਮੰਤਰੀ ਦਾ ਸਾਥ ਦਿੰਦਿਆਂ ਪੰਜਾਬ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 35 ਲੱਖ ਰੁਪਏ ਦਾ ਯੋਗਦਾਨ ਪਾਇਆ।
ਡਾ. ਬਲਬੀਰ ਸਿੰਘ ਨੇ ਆਈਐਮਏ ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਨਿਵਾਸ ਸਥਾਨ ‘ਤੇ ਮੀਟਿੰਗ ਦੌਰਾਨ 35 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਆਈਐਮਏ ਪੰਜਾਬ ਦੇ ਸਕੱਤਰ ਡਾ. ਸੰਜੀਵ ਮਿੱਤਲ, ਖ਼ਜ਼ਾਨਚੀ ਡਾ. ਆਰ.ਐਸ. ਬਲ, ਮੀਤ ਪ੍ਰਧਾਨ ਡਾ. ਸੰਜੀਵ ਗੋਇਲ, ਡਾ. ਜਤਿੰਦਰ ਕਾਂਸਲ, ਡਾ. ਐਸ.ਪੀ.ਐਸ ਸੂਚ, ਡਾ. ਰਾਕੇਸ਼ ਵਿਗ, ਡਾ. ਪਰਮਜੀਤ ਮਾਨ, ਡਾ. ਮਨੋਜ ਸੋਬਤੀ, ਡਾ. ਜੇ.ਪੀ. ਸਿੰਘ ਅਤੇ ਡਾ. ਕੁਲਵਿੰਦਰ ਮਾਨ ਵੀ ਹਾਜ਼ਰ ਸਨ।
ਇਸ ਕੁਦਰਤੀ ਆਫ਼ਤ ਦੌਰਾਨ ਸੂਬਾ ਸਰਕਾਰ ਦੀ ਮਦਦ ਲਈ ਆਈਐਮਏ ਪੰਜਾਬ ਦਾ ਧੰਨਵਾਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਈਐਮਏ ਪਹਿਲਾਂ ਹੀ ਹਰ ਤਰ੍ਹਾਂ ਦੀ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਜਿਸ ਵਿੱਚ ਆਈਐਮਏ ਨਾਲ ਜੁੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਂਬੂਲੈਂਸ, ਬੈੱਡ, ਸਿਹਤ ਵਿਭਾਗ ਨੂੰ ਦਵਾਈਆਂ, ਡਾਕਟਰ ਅਤੇ ਮੋਬਾਈਲ ਟੀਮਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ ਅਤੇ ਪੂਰੇ ਪੰਜਾਬ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣਾ ਹੈ। ਸਾਡੀਆਂ ਸਿਹਤ ਟੀਮਾਂ ਲੋਕਾਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।
ਸਿਹਤ ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ ਜੰਗੀ ਪੱਧਰ ‘ਤੇ ਕੰਮ ਕਰਨ ਦੇ ਨਾਲ-ਨਾਲ ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਉਨ੍ਹਾਂ ਸੂਬੇ ਦੇ ਲੋਕਾਂ ਨੂੰ ਇਸ ਕੁਦਰਤੀ ਆਫ਼ਤ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਆਈਐਮਏ ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਇਸ ਉਪਰਾਲੇ ਨੂੰ ਆਈਐਮਏ ਪੰਜਾਬ ਦੇ ਸਮੂਹ ਮੈਂਬਰਾਂ ਦਾ ਇਸ ਆਫ਼ਤ ਦੌਰਾਨ ਮਨੁੱਖਤਾ ਦੀ ਸੇਵਾ ਕਰਨ ਦਾ ਇੱਕ ਛੋਟਾ ਅਤੇ ਸਮੂਹਿਕ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਐਂਬੂਲੈਂਸ, ਮੈਡੀਕਲ ਟੀਮਾਂ ਅਤੇ ਹੋਰ ਮੈਡੀਕਲ ਸਹਾਇਤਾ ਪ੍ਰਦਾਨ ਕਰਨਾ ਆਈਐਮਏ ਦੀ ਜ਼ਿੰਮੇਵਾਰੀ ਅਤੇ ਫਰਜ਼ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।