ਪੜ੍ਹੇ-ਲਿਖੇ ਨੌਜਵਾਨਾਂ ਦੇ ਪਰਵਾਸ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬ੍ਰਿਟਿਸ਼ ਕੌਂਸਲ ਨਾਲ ਸਮਝੌਤਾ ਸਹੀਬੱਧ
ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਅੰਗਰੇਜ਼ੀ ਭਾਸ਼ਾ ਵਿੱਚ ਮਾਹਿਰ ਬਣਾਉਣ ਲਈ ਚੁੱਕਿਆ ਕਦਮ
ਮੁੱਖ ਮੰਤਰੀ ਨੇ ਨਵੇਂ ਉਪਰਾਲੇ ਨੂੰ ਪੰਜਾਬੀ ਨੌਜਵਾਨਾਂ ਦੀ ਭਲਾਈ ਲਈ ਇਤਿਹਾਸਕ ਕਦਮ ਦੱਸਿਆ
ਸਰਕਾਰੀ ਕਾਲਜਾਂ ਦੇ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਹੋਵੇਗਾ ਲਾਗੂ
ਚੰਡੀਗੜ੍ਹ, 24 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮੀਟਿਡ (ਬੀ.ਸੀ.ਈ.ਆਈ.ਪੀ.ਐਲ.) ਨਾਲ ਸਮਝੌਤੇ ਉਤੇ ਦਸਤਖ਼ਤ ਕੀਤੇ ਗਏ ਹਨ।
ਸਮਝੌਤੇ ਉਤੇ ਪੰਜਾਬ ਸਰਕਾਰ ਦੀ ਤਰਫ਼ੋ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕੌਂਸਲ ਦੇ ਐਮ.ਡੀ. ਡੰਕਨ ਵਿਲਸਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੰਡੀਗੜ੍ਹ ਵਿੱਚ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੇ ਹਸਤਾਖ਼ਰ ਕੀਤੇ।
ਇਹ ਸਮਝੌਤਾ ਨੇਪਰੇ ਚੜ੍ਹਨ ਉਤੇ ਉਚੇਰੀ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਵੇਗਾ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਨਵਿਆਉਣ ਵਿੱਚ ਮਦਦ ਮਿਲੇਗੀ ਅਤੇ ਨੌਜਵਾਨ ਸਨਅਤੀ ਤੇ ਸੇਵਾ ਖੇਤਰ ਵਿੱਚ ਆਪਣੇ ਲਈ ਨੌਕਰੀਆਂ ਦੇ ਵੱਧ ਮੌਕੇ ਹਾਸਲ ਕਰ ਸਕਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਭਾਰਤ ਵਿੱਚ ਹੀ ਰਹਿ ਕੇ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਅਤੇ ਉਹ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਤੋਂ ਹੁਨਰਮੰਦ ਨੌਜਵਾਨਾਂ ਦੇ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜਾ ਦੇਣ ਦੀ ਦਿਸ਼ਾ ਵਿੱਚ ਇਹ ਇਕ ਵੱਡਾ ਕਦਮ ਹੈ। ਭਗਵੰਤ ਮਾਨ ਨੇ ਆਖਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਵਿਦਿਆਰਥੀ ਕੰਮ ਲਈ ਅੰਗਰੇਜ਼ੀ ਦੇ ਇਕ ‘ਲੈਵਲ’ ਦੀ ਪੜ੍ਹਾਈ ਕਰਨਗੇ, ਜਿਸ ਨਾਲ ਅੰਗਰੇਜ਼ੀ ਜਾਣਨ ਕਰ ਕੇ ਉਨ੍ਹਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਪੈਦਾ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਮਿਸ਼ਰਤ ਕੋਰਸ ਹੈ, ਜਿਸ ਵਿੱਚ ਕੰਮ ਵਰਗੇ ਅਸਲ ਹਾਲਾਤ ਵਿੱਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਸਿੱਖਣ ਉਤੇ ਧਿਆਨ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਲਿਸਨਿੰਗ (ਸੁਣਨ), ਰੀਡਿੰਗ (ਪੜ੍ਹਨ), ਰਾਈਟਿੰਗ (ਲਿਖਣ) ਅਤੇ ਸਪੀਕਿੰਗ (ਬੋਲਣ) ਸਮੇਤ ਵਿਆਕਰਨ, ਮੁਹਾਰਨੀ ਅਤੇ ਸ਼ਬਦਾਵਲੀ ਉਤੇ ਧਿਆਨ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਇਹ ਪ੍ਰਾਜੈਕਟ ਵਿਦਿਅਕ ਸੈਸ਼ਨ 2023-24 ਤੋਂ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਆਨਲਾਈਨ ਮਿਸ਼ਰਤ ਲਰਨਿੰਗ ਕੋਰਸ ਹੈ, ਜਿਹੜਾ ਲਾਈਵ ਇੰਟਰਐਕਟਿਵ ਕਲਾਸਾਂ ਨਾਲ ਖ਼ੁਦ ਪੜ੍ਹਨ ਦੇ ਲਚਕੀਲੇ ਸਿਧਾਂਤ ਨਾਲ ‘ਫਲਿੱਪਡ ਕਲਾਸਰੂਮ’ ਸੰਕਲਪ ਦੀ ਵਰਤੋਂ ਕਰੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਵਿਦਿਆਰਥੀ ਪੇਸ਼ੇਵਰ ਹਾਲਾਤ ਵਿੱਚ ਸਵੈ-ਵਿਸ਼ਵਾਸ ਨਾਲ ਆਪਣੀ ਗੱਲ ਕਹਿਣ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਅੱਗੇ ਆਖਿਆ ਕਿ ਇਸ ਵਿੱਚ ਇਕ ਅਗਾਊਂ ਮੁਲਾਂਕਣ ਪ੍ਰੀਖਿਆ ਹੋਵੇਗੀ ਤਾਂ ਕਿ ਵਿਦਿਆਰਥੀਆਂ ਦੇ ਮੌਜੂਦਾ ਪੱਧਰ ਦਾ ਪਤਾ ਲਗਾਇਆ ਜਾਵੇ। ਕੋਰਸ ਮੁਕੰਮਲ ਹੋਣ ਉਤੇ ਵਿਦਿਆਰਥੀਆਂ ਦਾ ਇਕ ਵਾਰ ਫਿਰ ਮੁਲਾਂਕਣ ਹੋਵੇਗਾ, ਜਿਸ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।