ਪਿੰਡ ਬਕੈਨਵਾਲਾ ਵਿੱਚ ਬੱਚਿਆਂ ਨੂੰ ਡੇਂਗੂ ਬਾਰੇ ਕੀਤਾ ਜਾਗਰੂਕ
ਫਾਜ਼ਿਲਕਾ, 22 ਜੁਲਾਈ
ਸਿਹਤ ਵਿਭਾਗ ਦੇ ਕਰਮਚਾਰੀ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਿਸ ਤਹਿਤ ਅੱਜ ਸੀ.ਐਚ.ਸੀ ਖੂਈਖੇੜਾ ਅਧੀਨ ਪੈਂਦੇ ਪਿੰਡ ਬਕੈਨਵਾਲਾ ਦੇ ਸਰਕਾਰੀ ਸਕੂਲ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸਿਹਤ ਕਰਮਚਾਰੀ ਕਵਲਦੀਪ ਨੇ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਪਣੇ ਘਰ ਦੇ ਆਲੇ-ਦੁਆਲੇ ਖਾਲੀ ਭਾਂਡਿਆਂ ਵਿੱਚ ਸਾਫ਼ ਪਾਣੀ ਜ਼ਿਆਦਾ ਦੇਰ ਤੱਕ ਨਾ ਛੱਡੋ ਕਿਉਂਕਿ ਡੇਂਗੂ ਦਾ ਮੱਛਰ ਦਿਨ ਵੇਲੇ ਗੰਦੇ ਪਾਣੀ ਦੀ ਬਜਾਏ ਸਾਫ਼ ਪਾਣੀ ਵਿੱਚ ਹੀ ਪਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਰ ਦਰਦ ਅਤੇ ਤੇਜ਼ ਬੁਖਾਰ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਨੂੰ ਦਿਖਾਓ।
ਇਸ ਤੋਂ ਇਲਾਵਾ ਘਰ ਵਿੱਚ ਰੱਖੇ ਕੂਲਰ, ਬਰਤਨ ਅਤੇ ਫਰਿੱਜ ਦੀ ਟਰੇ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰੋ, ਅਜਿਹੀਆਂ ਸਾਵਧਾਨੀਆਂ ਵਰਤ ਕੇ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਹਰ ਰੋਜ਼ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦੇ ਫਰਿੱਜਾਂ, ਗਮਲਿਆਂ ਆਦਿ ਵਿੱਚ ਜਮ੍ਹਾਂ ਹੋਏ ਪਾਣੀ ਦੀ ਜਾਂਚ ਕਰ ਰਹੇ ਹਨ ਤਾਂ ਜੋ ਡੇਂਗੂ ਬੁਖਾਰ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਜਾ ਸਕੇ।