ਮੀਤ ਹੇਅਰ ਨੇ ਲਿਆ ਜਲ ਭੰਡਾਰਾਂ ਦੀ ਸਥਿਤੀ ਦਾ ਜਾਇਜ਼ਾ, ਰਾਜਪੁਰਾ-ਬਨੂੜ ਰੋਡ ’ਤੇ ਐਸ.ਵਾਈ.ਐਲ. ਦਾ ਵੀ ਕੀਤਾ ਦੌਰਾ

ਜਲ ਸਰੋਤ ਮੰਤਰੀ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼

ਮਿੱਟੀ ਦੇ ਥੈਲਿਆਂ, ਸਫ਼ਾਈ ਵਾਲੀਆਂ ਮਸ਼ੀਨਾਂ ਸਣੇ ਹੋਰ ਲੋੜੀਂਦਾ ਸਮਾਨ ਕਰਵਾਇਆ ਜਾ ਰਿਹਾ ਹੈ ਮੁਹੱਈਆ

ਚੰਡੀਗੜ੍ਹ, 10 ਜੁਲਾਈ:
ਸੂਬੇ ਭਰ ਅਤੇ ਪਹਾੜੀ ਸਥਾਨਾਂ ਉਤੇ ਪੈ ਰਹੇ ਲਗਾਤਾਰ ਤੇਜ਼ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸੈਕਟਰ 18 ਸਥਿਤ ਵਿਭਾਗ ਦੇ ਮੁੱਖ ਦਫਤਰ ਵਿਖੇ ਮੀਟਿੰਗ ਕਰਕੇ ਜਲ ਭੰਡਾਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਜਲ ਸਰੋਤ ਮੰਤਰੀ ਨੇ ਇਸ ਤੋਂ ਪਹਿਲਾਂ ਰਾਜਪੁਰਾ-ਬਨੂੜ ਰੋਡ ਉਤੇ ਚਿਤਕਾਰਾ ਯੂਨੀਵਰਸਿਟੀ ਨੇੜੇ ਸਤਲੁਜ ਯਮਨਾ ਲਿੰਕ (ਐਸ.ਵਾਈ.ਐਲ.) ਦਾ ਵੀ ਦੌਰਾ ਕਰਕੇ ਮੌਕੇ ਦੀ ਸਥਿਤੀ ਦੇਖੀ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਵਿਭਾਗ ਪੂਰੀ ਤਰਾਂ ਮੁਸਤੈਦੀ ਨਾਲ ਹਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਟਾਕਰੇ ਦੀ ਤਿਆਰੀ ਕੀਤੀ ਗਈ ਹੈ। ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਤਾਲਮੇਲ ਬਿਠਾ ਕੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਨਿਰੰਤਰ ਇਸ ਦੀ ਰਿਪੋਰਟ ਕਰਨ ਨੂੰ ਕਿਹਾ। ਸੰਵੇਦਨਸ਼ੀਲ ਥਾਵਾਂ ਉਤੇ ਖਾਸ ਚੌਕਸੀ ਰੱਖਣ ਲਈ ਕਿਹਾ ਗਿਆ। ਉਨਾਂ ਕਿਹਾ ਕਿ ਫੀਲਡ ਵਿੱਚ ਮਿੱਟੀ ਦੇ ਥੈਲਿਆਂ, ਸਫ਼ਾਈ ਵਾਲੀਆਂ ਮਸ਼ੀਨਾਂ ਸਣੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਮੀਤ ਹੇਅਰ ਨੇ ਦੱਸਿਆ ਕਿ ਤਿੰਨੇ ਡੈਮਾਂ ਵਿੱਚ ਇਸੇ ਵੇਲੇ ਪਾਣੀ ਦਾ ਪੱਧਰ ਸਮਰੱਥਾ ਤੋਂ ਘੱਟ ਹੈ ਅਤੇ ਵਿਭਾਗ ਵੱਲੋਂ ਸਾਰੀ ਸਥਿਤੀ ਉਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਭਾਖੜਾ ਡੈਮ ਵਿੱਚ 1680 ਫੁੱਟ ਦੀ ਸਮਰੱਥਾ ਮੁਕਾਬਲੇ ਮੌਜੂਦਾ ਸਮੇਂ ਪਾਣੀ ਦਾ ਪੱਧਰ 1614.89 ਫੁੱਟ ਹੈ। ਪੌਂਗ ਡੈਮ ਵਿੱਚ 1390 ਫੁੱਟ ਦੀ ਸਮਰੱਥਾ ਮੁਕਾਬਲੇ ਇਸ ਵੇਲੇ ਪਾਣੀ ਦਾ ਪੱਧਰ 1350.63 ਫੁੱਟ ਹੈ ਜਦੋਂ ਕਿ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਸਮਰੱਥਾ 1731.99 ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ 1706.26 ਫੁੱਟ ਹੈ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਚੀਫ ਇੰਜਨੀਅਰ ਨਹਿਰਾਂ ਐਨ.ਕੇ.ਜੈਨ ਵੀ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (1 )
Translate