ਗੈਂਗਸਟਰਾਂ ’ਤੇ ਵਾਰ’: ਅਫ਼ਰੀਕਾ ਤੋਂ ਪਹਿਲੀ ਸਫ਼ਲ ਡਿਪੋਰਟੇਸ਼ਨ ਕਾਰਵਾਈ ਤਹਿਤ ਪੰਜਾਬ ਪੁਲੀਸ ਨੇ ਭਗੌੜੇ ਗੈਂਗਸਟਰ ਗੁਰਵਿੰਦਰ ਅਫਰੀਦੀ ਨੂੰ ਇਥੋਪੀਆ ਤੋਂ ਵਾਪਸ ਭਾਰਤ ਲਿਆਂਦਾ
10 ਮਹੀਨੇ ਲੰਮੇ ਮਲਟੀ-ਕੌਂਟੀਨੈਂਟਲ ਮੈਨਹੰਟ ਆਪ੍ਰੇਸ਼ਨ ਅਧੀਨ ਵੱਡੀ ਸਫ਼ਲਤਾ ; 30 ਤੋਂ ਵੱਧ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਇਥੋਪੀਆ ’ਚ ਕਾਬੂ: ਡੀਜੀਪੀ ਗੌਰਵ ਯਾਦਵ
— ਰੈੱਡ ਕਾਰਨਰ ਨੋਟਿਸ, ਸੱਤ ਇੰਟਰਪੋਲ ਰੈਫਰੈਂਸਿਜ਼ ਅਤੇ ਬਹੁ-ਏਜੰਸੀ ਤਾਲਮੇਲ ਸਦਕਾ ਗੁਰਵਿੰਦਰ ਅਫਰੀਦੀ ਦੀ ਡਿਪੋਰਟੇਸ਼ਨ ਸੰਭਵ ਹੋਈ; ਮੁਲਜ਼ਮ ਕਤਲ ਦੇ 5 ਕੇਸਾਂ ’ਚ ਸੀ ਲੋੜੀਂਦਾ: ਡੀਜੀਪੀ ਗੌਰਵ ਯਾਦਵ
— ‘ਆਪਰੇਸ਼ਨ ਸ਼ਾਹਿਦ’ – ਪੰਜਾਬ ਪੁਲੀਸ ਗੈਂਗਸਟਰ ਨੂੰ ਇਥੋਪੀਆ ਤੋਂ ਡਿਪੋਰਟ ਕਰਾਉਣ ਤੋਂ ਪਹਿਲਾਂ 4 ਦੇਸ਼ਾਂ ’ਚ ਉਸ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਰੱਖ ਰਹੀ ਸੀ ਨਜ਼ਰ; ਗੈਂਗਸਟਰ ਦੀ ਗ੍ਰਿਫ਼ਤਾਰੀ ਵਾਸਤੇ ਸੂਹ ਦੇਣ ਲਈ ਰੱਖਿਆ ਗਿਆ ਸੀ 5 ਲੱਖ ਰੁਪਏ ਦਾ ਇਨਾਮ: ਡੀਜੀਪੀ ਗੌਰਵ ਯਾਦਵ
— ‘ਆਪਰੇਸ਼ਨ ਸ਼ਾਹਿਦ’ ਨਾਲ 10 ਮਹੀਨਿਆਂ ਦਾ ਮਲਟੀ-ਕੌਂਟੀਨੈਂਟਲ ਇੰਟਰਨੈਸ਼ਨਲ ਮੈਨਹੰਟ ਆਪ੍ਰੇਸ਼ਨ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ
— ਡੀਜੀਪੀ ਪੰਜਾਬ ਵੱਲੋਂ ਏਜੀਟੀਐੱਫ ਅਤੇ ਓਐੱਫਟੀਈਸੀ ਦੀਆਂ ਟੀਮਾਂ ਦੀ ਸ਼ਲਾਘਾ; ਢੁਕਵੇਂ ਸਹਿਯੋਗ ਲਈ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਏਜੰਸੀਆਂ ਦਾ ਕੀਤਾ ਧੰਨਵਾਦ
ਚੰਡੀਗੜ੍ਹ, 8 ਨਵੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਵਿੱਢੀ ਮੁਹਿੰਮ ‘ਗੈਂਗਸਟਰਾਂ ’ਤੇ ਵਾਰ’ ਤਹਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਕਾਊਂਟਰ ਇੰਟੈਲੀਜੈਂਸ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਐੱਫਟੀਈਸੀ) ਨਾਲ ਨਜ਼ਦੀਕੀ ਤਾਲਮੇਲ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਸਫਲਤਾਪੂਰਵਕ ਡਿਪੋਰਟ ਕਰਵਾ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਗੁਰਵਿੰਦਰ ਉਰਫ਼ ਅਫ਼ਰੀਦੀ, ਜਿਸ ਨੂੰ ਗ੍ਰਿਫ਼ਤਾਰ ਕਰਵਾਉਣ ਸਬੰਧੀ ਸੂਚਨਾ ਦੇਣ ’ਤੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ, ਵਿਦੇਸ਼ ਵਿੱਚ ਬੈਠ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ, ਫਿਰੌਤੀ ਲਈ ਗੋਲੀ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਣ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ। ਉਕਤ ਮੁਲਜ਼ਮ ਪੰਜ ਕਤਲਾਂ, ਇਰਾਦਾ ਕਤਲ, ਫਿਰੌਤੀ ਅਤੇ ਅਸਲਾ ਐਕਟ ਤਹਿਤ ਵੱਖ-ਵੱਖ ਅਪਰਾਧਾਂ ਸਮੇਤ 30 ਤੋਂ ਵੱਧ ਘਿਨਾਉਣੇ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ ਪੁਲੀਸ ਹੈੱਡਕੁਆਰਟਰ (ਪੀਪੀਐੱਚਕਿਊ) ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ, ਜਿਨ੍ਹਾਂ ਨਾਲ ਸਪੈਸ਼ਲ ਡੀਜੀਪੀ ਏਜੀਟੀਐੱਫ ਪ੍ਰਮੋਦ ਬਾਨ ਅਤੇ ਸਪੈਸ਼ਲ ਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਵੀ ਮੌਜੂਦ ਸਨ, ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਕਿਸੇ ਅਫ਼ਰੀਕੀ ਦੇਸ਼ ਤੋਂ ਭਗੌੜੇ ਅਪਰਾਧੀ ਦੀ ਇਹ ਹੁਣ ਤੱਕ ਦੀ ਪਹਿਲੀ ਡਿਪੋਰਟੇਸ਼ਨ ਹੈ, ਜਿਸ ਨਾਲ ਸੂਬੇ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਸਖ਼ਤ ਮੁਹਿੰਮ ਵਿੱਚ ਇੱਕ ਨਵੀਂ ਸਫ਼ਲਤਾ ਜੁੜ ਗਈ ਹੈ।
ਉਨ੍ਹਾਂ ਕਿਹਾ, “ਇਹ ਕਾਰਵਾਈ ‘ਆਪਰੇਸ਼ਨ ਸ਼ਾਹਿਦ’ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ—ਜੋ ਖੁਫ਼ੀਆ ਜਾਣਕਾਰੀ ’ਤੇ ਆਧਾਰਿਤ 10 ਮਹੀਨੇ ਲੰਮਾ ਇੰਟਰਨੈਸ਼ਨਲ ਮੈਨਹੰਟ ਆਪ੍ਰੇਸ਼ਨ ਸੀ, ਜਿਸ ਅਧੀਨ ਲਗਾਤਾਰ ਨਿਗਰਾਨੀ, ਖੁਫ਼ੀਆ ਜਾਣਕਾਰੀ ਜੁਟਾਉਣਾ ਅਤੇ ਕੌਮੀ ਤੇ ਕੌਮਾਂਤਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਜ਼ਰੀਏ ਏਸ਼ੀਆ, ਦੱਖਣੀ ਅਮਰੀਕਾ ਤੇ ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਭਗੌੜੇ ਅਪਰਾਧੀਆਂ ਦੀ ਪੈੜ ਨੱਪਣ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ।”
ਜ਼ਿਕਰਯੋਗ ਹੈ ਕਿ ‘ਆਪਰੇਸ਼ਨ ਸ਼ਾਹਿਦ’ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਆਈਜੀਪੀ ਓਐੱਫਟੀਈਸੀ ਅਸ਼ੀਸ਼ ਚੌਧਰੀ ਦੀ ਦੇਖ-ਰੇਖ ਹੇਠ ਚਲਾਇਆ ਗਿਆ, ਜਿਨ੍ਹਾਂ ਨੇ ਕੌਮਾਂਤਰੀ ਤਾਲਮੇਲ ਅਤੇ ਫ਼ਾਲੋ-ਅੱਪ ਯਤਨਾਂ ਦੀ ਅਗਵਾਈ ਕੀਤੀ। ਇਸ ਆਪ੍ਰੇਸ਼ਨ ਦੀ ਕਮਾਨ ਐੱਸਪੀ ਏਜੀਟੀਐੱਫ/ਓਐੱਫਟੀਈਸੀ ਆਪਰੇਸ਼ਨਜ਼ ਬਿਕਰਮਜੀਤ ਸਿੰਘ ਬਰਾੜ ਕੋਲ ਸੀ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਅਫ਼ਰੀਦੀ 31 ਮਾਰਚ 2025 ਨੂੰ ਮੁੰਬਈ ਹਵਾਈ ਅੱਡੇ ਤੋਂ ਯੂਏਈ ਭੱਜ ਗਿਆ ਸੀ। ਇਸ ਮੰਤਵ ਲਈ ਉਸ ਨੇ ਗੋਰਖਪੁਰ ਦੇ ਕਿਸੇ ਵਸਨੀਕ ਦੇ ਵੇਰਵਿਆਂ ’ਤੇ ਫ਼ਰਜ਼ੀ ਤਰੀਕੇ ਨਾਲ 12 ਫ਼ਰਵਰੀ 2025 ਨੂੰ ਲਖਨਊ, ਉੱਤਰ ਪ੍ਰਦੇਸ਼ ਤੋਂ ਬਣਵਾਏ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਮੇਂ-ਸਮੇਂ ‘ਤੇ ਵੱਖ-ਵੱਖ ਮਹਾਂਦੀਪਾਂ ਵਿੱਚ ਲੁਕ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ। ਸ਼ੁਰੂਆਤ ਵਿੱਚ ਯੂਏਈ ਵਿੱਚ ਲੁਕੇ ਰਹਿਣ ਤੋਂ ਬਾਅਦ, ਮੁਲਜ਼ਮ ਗੁਰਵਿੰਦਰ ਅਫ਼ਰੀਦੀ ਨੇ ਇਸਤਾਂਬੁਲ ਰਾਹੀਂ ਮੈਕਸੀਕੋ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਵਾਪਸ ਯੂਏਈ ਡਿਪੋਰਟ ਕਰ ਦਿੱਤਾ ਗਿਆ। ਇਸ ਉਪਰੰਤ ਉਹ ਅਪਰੈਲ 2026 ਵਿੱਚ ਕੀਨੀਆ ਚਲਾ ਗਿਆ, ਜੂਨ 2026 ਵਿੱਚ ਅੰਗੋਲਾ ਅਤੇ ਨਵੰਬਰ 2026 ਵਿੱਚ ਇਥੋਪੀਆ ਚਲਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਗੁਰਵਿੰਦਰ ਅਫ਼ਰੀਦੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਇਸਦੇ ਨਾਲ ਹੀ ਉਸ ਦੀ ਫ਼ਰਜ਼ੀ ਪਛਾਣ ਅਤੇ ਕਾਰਵਾਈਆਂ ਬਾਰੇ ਸਮੇਂ-ਸਮੇਂ ’ਤੇ ਕੇਂਦਰੀ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਪੁਲਿਸ ਨੇ ਉਸ ਖਿਲਾਫ਼ ਸੱਤ ਇੰਟਰਪੋਲ ਰੈਫ਼ਰੈਂਸ ਵੀ ਜਾਰੀ ਕਰਵਾਏ ਸਨ। ਏਜੰਸੀਆਂ ਵੱਲੋਂ ਲਗਾਤਾਰ ਕਾਰਵਾਈ ਸਦਕਾ ਉਸ ਨੂੰ 6 ਨਵੰਬਰ 2026 ਨੂੰ ਇਥੋਪੀਆ ਵਿੱਚ ਹਿਰਾਸਤ ‘ਚ ਲੈ ਲਿਆ ਗਿਆ ਅਤੇ ਹੁਣ ਉਸਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਨੇ ਉਸ ਨੂੰ ਨਵੀਂ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਉਸਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।
ਡੀਜੀਪੀ, ਪੰਜਾਬ ਨੇ ਏਜੀਟੀਐੱਫ ਅਤੇ ਓਐੱਫਟੀਈਸੀ ਦੀਆਂ ਟੀਮਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਡਿਪੋਰਟੇਸ਼ਨ ਨੂੰ ਯਕੀਨੀ ਬਣਾਉਣ ਲਈ ਨਿਰਵਿਘਨ ਕੌਮਾਂਤਰੀ ਸਹਿਯੋਗ ਵਾਸਤੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਕੇਂਦਰੀ ਖੁਫ਼ੀਆ ਤੇ ਜਾਂਚ ਏਜੰਸੀਆਂ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਮੁਲਜ਼ਮ ਗੁਰਵਿੰਦਰ ਅਫ਼ਰੀਦੀ ਪੰਜਾਬ ਅੰਦਰ ਪੰਜ ਸਨਸਨੀਖੇਜ਼ ਕਤਲ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਨ੍ਹਾਂ ਵਿੱਚ ਸਰਪੰਚ ਰਾਜਵਿੰਦਰ ਉਰਫ਼ ਰਾਜ ਤਲਵੰਡੀ ਦਾ ਕਤਲ (ਅਕਤੂਬਰ 2024), 12 ਸਾਲਾ ਲੜਕੇ ਗੁਰਸੇਵਕ ਸਿੰਘ ਦਾ ਕਤਲ (ਮਾਰਚ 2025), ਵਿੱਕੀ ਚੁੱਘ ਦਾ ਕਤਲ (ਮਾਰਚ 2025), ਜਸਵੰਤ ਸਿੰਘ ਦਾ ਕਤਲ (ਮਈ 2025) ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਦਾ ਕਤਲ (ਸਤੰਬਰ 2025) ਸ਼ਾਮਲ ਹਨ।


