ਬਰਨਾਲਾ ਚੈਂਪੀਅਨਜ਼ ਕੱਪ: “ਹੰਡਿਆਇਆ ਜਸਵੀਰ’ ਟੀਮ ਬਣੀ ਚੈਂਪੀਅਨ, 3 ਲੱਖ ਦਾ ਨਕਦ ਇਨਾਮ ਅਤੇ 11 ਲੱਖ ਦੀ ਗਰਾਂਟ ਨਾਲ ਸਨਮਾਨਿਤ
ਖੇਡਾਂ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਹਨ ਲਗਾਤਾਰ ਉਪਰਾਲੇ: ਮੀਤ ਹੇਅਰ
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਦਿੱਤੇ ਲੱਖਾਂ ਦੇ ਇਨਾਮ
ਬਰਨਾਲਾ, 16 ਅਕਤੂਬਰ
ਜ਼ਿਲ੍ਹਾ ਬਰਨਾਲਾ ਵਿਖੇ ‘ਬਰਨਾਲਾ ਚੈਂਪੀਅਨਜ਼ ਕੱਪ’ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ।
ਐੱਮ ਪੀ ਸੰਗਰੂਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਬੇਹੱਦ ਰੋਮਾਂਚਕ ਰਿਹਾ, ਜਿਸ ਵਿੱਚ ‘ਹੰਡਿਆਇਆ ਜਸਵੀਰ’ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ‘ਸੰਦੀਪ ਵਾਰਡ (38-39)’ ਦੀ ਟੀਮ ਨੂੰ 71 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਵੱਕਾਰੀ ਖ਼ਿਤਾਬ ਆਪਣੇ ਨਾਮ ਕਰ ਲਿਆ।
ਉਹਨਾਂ ਦੱਸਿਆ ਕਿ ਹੰਡਿਆਇਆ ਜਸਵੀਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 3,00,000 ਰੁਪਏ ਨਕਦ ਇਨਾਮ ਅਤੇ 11,00,000 ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਵਾਰਡ ਵਾਰਡ ਨੰਬਰ 38-39 ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਨੂੰ 1,50,000 ਰੁਪਏ ਦਾ ਨਕਦ ਇਨਾਮ ਅਤੇ 6,00,000 ਰੁਪਏ ਦੀ ਗਰਾਂਟ ਭੇਟ ਕੀਤੀ ਗਈ।
ਇਸੇ ਤਰ੍ਹਾਂ ਹੰਡਿਆਇਆ ਬਲਵਿੰਦਰ 11 ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 1,00,000 ਰੁਪਏ ਦਾ ਇਨਾਮ ਦਿੱਤਾ ਗਿਆ। ਤਜਿੰਦਰ 11 (ਵਾਰਡ ਨੰ: 35) ਦੀ ਟੀਮ ਚੌਥੇ ਸਥਾਨ ‘ਤੇ ਰਹੀ ਅਤੇ ਉਨ੍ਹਾਂ ਨੇ 51,000 ਰੁਪਏ ਦਾ ਇਨਾਮ ਜਿੱਤਿਆ।
ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਵਿਵੇਕ (ਹੰਡਿਆਇਆ) ਨੂੰ ਟੂਰਨਾਮੈਂਟ ਵਿੱਚ ਸਰਵੋਤਮ ਖੇਡ ਦਿਖਾਉਣ ਲਈ 21,000 ਰੁਪਏ ਦੇ ਨਕਦ ਇਨਾਮ ਨਾਲ ਨਿਵਾਜਿਆ ਗਿਆ ਅਤੇ ਹੈਪੀ (ਵਾਰਡ ਨੰ: 38, 39) ਨੂੰ ਸ਼ਾਨਦਾਰ ਬੱਲੇਬਾਜ਼ੀ ਲਈ 11,000 ਰੁਪਏ ਦਾ ਇਨਾਮ ਮਿਲਿਆ। ਇਸੇ ਤਰ੍ਹਾਂ ਹਜਾਰਾ ਹੰਡਿਆਇਆ, ਸ਼ਕੀਲ ਹੰਡਿਆਇਆ ਅਤੇ ਰਵੀ (ਵਾਰਡ ਨੰ: 38, 39) ਨੂੰ ਬਿਹਤਰੀਨ ਗੇਂਦਬਾਜ਼ੀ ਲਈ 11,000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਮੁਕੇਸ਼ ਹੰਡਿਆਇਆ ਨੂੰ ਫਾਈਨਲ ਮੈਚ ਦੇ ਸਰਵੋਤਮ ਖਿਡਾਰੀ ਵਜੋਂ ਚੁਣਿਆ ਗਿਆ ਅਤੇ 1,100 ਰੁਪਏ ਦਾ ਇਨਾਮ ਦਿੱਤਾ ਗਿਆ।
ਪ੍ਰਬੰਧਕੀ ਟੀਮ ਵੱਲੋਂ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਕੌਂਸਲਰਾਂ, ਸਰਪੰਚਾਂ, ਪੰਚਾਂ, ਸਹਿਯੋਗੀ ਸੱਜਣਾਂ, ਪ੍ਰਬੰਧਕਾਂ, ਖਿਡਾਰੀਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਸ੍ਰੀ ਹਰਿੰਦਰ ਧਾਲੀਵਾਲ, ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਅਰਵਿੰਦ ਤੇਜਪਾਲ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਐਮ.ਸੀ. ਸਾਹਿਬਾਨਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਇਨਾਮਾਂ ਦੀ ਵੰਡ ਕੀਤੀ।



