ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਗਰੁੱਪ-ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ 10 ਅਕਤੂਬਰ

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਸੂਬਾ ਸਰਕਾਰ ਆਪਣੇ ਦਰਜਾ-ਚਾਰ (ਗਰੁੱਪ-ਡੀ) ਮੁਲਾਜ਼ਮਾਂ ਨੂੰ ਆਗਾਮੀ ਦਿਵਾਲੀ ਦਾ ਤਿਉਹਾਰ ਮਨਾਉਣ ਵਿੱਚ ਮਦਦ ਕਰਨ ਲਈ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਦੇਵੇਗੀ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਅਸੀਂ ਵਿੱਤੀ ਸਾਲ 2026-27 ਦੌਰਾਨ ਇਸ ਉਪਰਾਲੇ ਲਈ 20 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਮੁਲਾਜ਼ਮ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਦਿਵਾਲੀ ਮਨਾ ਸਕਣ।” ਉਨ੍ਹਾਂ ਕਿਹਾ ਕਿ ਇਹ ਐਡਵਾਂਸ ਸੂਬੇ ਦੇ ਲਗਭਗ 34,604 ਗਰੁੱਪ-ਡੀ ਮੁਲਾਜ਼ਮਾਂ ਦੀ ਕੁੱਲ ਗਿਣਤੀ ਲਈ ਉਪਲਬਧ ਹੈ।

ਹੋਰ ਵੇਰਵੇ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ, “ਜੇਕਰ ਹਰ ਯੋਗ ਮੁਲਾਜ਼ਮ ਕਰਜ਼ਾ ਲੈਣ ਦਾ ਬਦਲ ਚੁਣਦਾ ਹੈ, ਤਾਂ ਸੂਬੇ ਲਈ ਕੁੱਲ ਸੰਭਾਵਿਤ ਖਰਚਾ 34.60 ਕਰੋੜ ਰੁਪਏ ਹੋਵੇਗਾ। 8 ਨਵੰਬਰ ਨੂੰ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਹ ਅਡਵਾਂਸ ਯਕੀਨੀ ਬਣਾਉਣ ਲਈ, ਮੁਲਾਜ਼ਮਾਂ ਨੂੰ 6 ਨਵੰਬਰ, 2026 ਤੱਕ ਖਜ਼ਾਨੇ ਵਿੱਚੋਂ ਰਕਮ ਕਢਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਐਡਵਾਂਸ ਪੰਜ ਬਰਾਬਰ ਮਹੀਨਾਵਾਰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ, ਜਿਸ ਦੀ ਕਟੌਤੀ ਮੁਲਾਜ਼ਮਾਂ ਦੀ ਦਸੰਬਰ 2026 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਤਿਉਹਾਰੀ ਐਡਵਾਂਸ ਦਾ ਐਲਾਨ ਮੌਜੂਦਾ ਸਾਲ ਦੌਰਾਨ ਸੂਬਾ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਲਈ ਲਾਗੂ ਕੀਤੇ ਗਏ ਹੋਰ ਹਾਲੀਆ ਵਿੱਤੀ ਉਪਾਵਾਂ ਦੀ ਲੜੀ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਕਾਰਨ ਅਸੀਂ ਆਪਣੇ ਗਰੁੱਪ-ਡੀ ਸਟਾਫ ਲਈ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਜਾਰੀ ਕਰ ਰਹੇ ਹਾਂ।”

CATEGORIES
Share This

COMMENTS

Wordpress (0)
Disqus ( )
Translate