ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ ਪੀ.ਐੱਸ.ਪੀ.ਸੀ.ਐੱਲ. ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ; ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼

ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਦੇ ਨਿਪਟਾਰੇ ‘ਚ ਤੇਜ਼ੀ ਲਿਆਉਣ ਦੀ ਹਦਾਇਤ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ 1 ਅਕਤੂਬਰ

ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪੀ.ਐੱਸ.ਪੀ.ਸੀ.ਐੱਲ. ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮ ਯੂਨੀਅਨਾਂ ਦੇ ਵਫ਼ਦਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।

ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੀ.ਐੱਸ.ਪੀ.ਸੀ.ਐੱਲ. ਗੁਰਕਿਰਤ ਕਿਰਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈਆਂ ਇਨ੍ਹਾਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਚੀਮਾ ਨੇ ਯੂਨੀਅਨਾਂ ਦੇ ਮਸਲਿਆਂ ਨੂੰ ਗੌਰ ਨਾਲ ਸੁਣਿਆ ਅਤੇ ਪ੍ਰਬੰਧਕਾਂ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ (ਬੀ.ਓ.ਡੀ.) ਦੀ ਮੀਟਿੰਗ ਵਿੱਚ ਸਾਰੇ ਜਾਇਜ਼ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਯੂਨੀਅਨਾਂ ਵੱਲੋਂ ਰੱਖੀਆਂ ਗਈਆਂ ਮੁੱਖ ਮੰਗਾਂ ਵਿੱਚ ਸਹਾਇਕ ਇੰਜੀਨੀਅਰਾਂ ਦੇ ਤਨਖ਼ਾਹ ਸਕੇਲ ਦੀਆਂ ਤਰੁੱਟੀਆਂ ਦੂਰ ਕਰਨਾ, ਐੱਨ.ਸੀ.ਸੀ., ਸੀ.ਆਰ.ਸੀ., ਸਟੋਰ, ਲੈਬ ਅਤੇ ਬਿਲਿੰਗ ਸਣੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਵਿਭਾਗੀ ਠੇਕੇ ਅਧੀਨ ਲਿਆਉਣ, ਸਿਖਲਾਈ ਪ੍ਰਾਪਤ ਡਿਪਲੋਮਾ ਅਤੇ ਡਿਗਰੀ ਅਪ੍ਰੈਂਟਿਸਾਂ ਨੂੰ ਪੱਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਨੌਕਰੀ ਤੋਂ ਕੱਢੇ ਗਏ ਮੀਟਰ ਰੀਡਰਾਂ ਨੂੰ ਮੁੜ ਬਹਾਲ ਕਰਦਿਆਂ ਉਨ੍ਹਾਂ ਦੀਆਂ ਸੇਵਾ ਸ਼ਰਤਾਂ ਤੇ ਭੱਤੇ ਤੈਅ ਕਰਨਾ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ।

ਮੁਲਾਜ਼ਮਾਂ ਦੀ ਭਲਾਈ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਪ੍ਰਸ਼ਾਸਨਿਕ, ਢਾਂਚਾਗਤ ਤੇ ਵਿੱਤੀ ਮਸਲਿਆਂ ਅਤੇ ਜਾਇਜ਼ ਮੰਗਾਂ ਨੂੰ ਯੋਜਨਾਬੱਧ ਢੰਗ ਨਾਲ ਅਤੇ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਹੱਲ ਕੀਤਾ ਜਾਵੇਗਾ। ਉਨ੍ਹਾਂ ਯੂਨੀਅਨ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਬਹੁਤੀਆਂ ਮੰਗਾਂ ਪਹਿਲਾਂ ਹੀ ਵਿਚਾਰ ਅਧੀਨ ਹਨ।

ਮੀਟਿੰਗਾਂ ਦੌਰਾਨ ਪੀ.ਐੱਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਇੰਜੀ. ਜੇ.ਐੱਸ. ਧੀਮਾਨ, ਇੰਜੀ. ਅਜੈ ਪਾਲ ਸਿੰਘ ਅਟਵਾਲ, ਇੰਜੀ. ਸੁਖਵੰਤ ਸਿੰਘ, ਇੰਜੀ. ਜਗਦੀਪ ਸਿੰਘ ਗਰਚਾ, ਇੰਜੀ. ਜਤਿੰਦਰ ਗਰਗ ਅਤੇ ਇੰਜੀ. ਦਵਿੰਦਰ ਗੋਇਲ; ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਲਿਹਾਰ ਸਿੰਘ, ਟੇਕ ਚੰਦ, ਸੰਦੀਪ ਖੱਤਰੀ ਅਤੇ ਬਲਵਿੰਦਰ ਸਿੰਘ; ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਵੱਲੋਂ ਕੁਲਜੀਤ ਸਿੰਘ, ਤਰਨਦੀਪ ਸਿੰਘ, ਅੰਮ੍ਰਿਤਸਰ ਕੁਮਾਰ ਅਤੇ ਪਵਨਦੀਪ ਸਿੰਘ; ਆਲ ਡਿਪਲੋਮਾ ਡਿਗਰੀ ਅਪ੍ਰੈਂਟਿਸਸ਼ਿਪ ਐਸੋਸੀਏਸ਼ਨ ਵੱਲੋਂ ਗੁਰਦੀਪ ਸਿੰਘ, ਸੁਖਮੰਦਰ ਸਿੰਘ ਅਤੇ ਜਗਜੀਤ ਸਿੰਘ; ਅਤੇ ਪਾਵਰਕੌਮ ਮੀਟਰ ਰੀਡਰ ਯੂਨੀਅਨ (ਆਜ਼ਾਦ) ਵੱਲੋਂ ਗੁਰਵਿੰਦਰ ਸਿੰਘ, ਜਗਸੀਰ ਸਿੰਘ ਅਤੇ ਮੋਲਕਦੀਪ ਸਿੰਘ ਨੇ ਆਪਣੇ ਮਸਲੇ ਤੇ ਮੰਗਾਂ ਰੱਖੀਆਂ।

CATEGORIES
Share This

COMMENTS

Wordpress (0)
Disqus ( )
Translate