ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ,ਫਿਰ ਦੂਜਿਆਂ ’ਤੇ ਉਂਗਲ ਚੁੱਕੇ-ਬਲਤੇਜ ਸਿੰਘ ਪੰਨੂ

ਪਟਿਆਲਾ 2 ਸਤੰਬਰ 

ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਬੋਲਿਆ ਹੈ। ਪੰਨੂ ਨੇ ਮਜੀਠੀਆ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਦੂਸਰਿਆਂ ਵੱਲ ਉਂਗਲ ਚੁੱਕਣ ਵਾਲੇ ਆਗੂ ਨੂੰ ਪਹਿਲਾਂ ਖੁਦ ਆਪਣੀ ਅਥਾਹ ਜਾਇਦਾਦ ਬਾਰੇ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ।
ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਤੇਜ ਪੰਨੂ ਨੇ ਸਵਾਲ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਕੋਲ ਕਦੇ ਸਿਰਫ਼ ਇੱਕ ਹਰੇ ਰੰਗ ਦੀ ਕੁਆਲਿਸ ਗੱਡੀ ਹੁੰਦੀ ਸੀ, ਅੱਜ ਉਸ ਕੋਲ ਇੰਨੀ ਬੇਸ਼ੁਮਾਰ ਜਾਇਦਾਦ ਕਿੱਥੋਂ ਅਤੇ ਕਿਵੇਂ ਆ ਗਈ? ਉਨ੍ਹਾਂ ਅਕਾਲੀ ਦਲ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹਨਾਂ ਆਗੂਆਂ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕ ਕੇ ਆਪਣੇ ਨਿੱਜੀ ਕਰਜ਼ੇ ਉਤਾਰੇ ਹਨ। ਪੰਜਾਬ ਦੇ ਲੋਕ ਇਹਨਾਂ ਦੀਆਂ ਸਾਰੀਆਂ ਕਰਤੂਤਾਂ ਤੋਂ ਭਲੀ-ਭਾਂਤ ਜਾਣੂ ਹਨ।
ਮਜੀਠੀਆ ਵੱਲੋਂ ਸੋਸ਼ਲ ਮੀਡੀਆ ਜਾਂ ਪ੍ਰੈਸ ਵਿੱਚ ਦਿਖਾਈਆਂ ਜਾ ਰਹੀਆਂ ਤਸਵੀਰਾਂ ’ਤੇ ਚੁਟਕੀ ਲੈਂਦਿਆਂ ਪੰਨੂ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵੀ ਨੇੜਲੇ ਸੰਪਰਕ ਵਿੱਚ ਹਨ। ਇਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮਜੀਠੀਆ ਖੁਦ ਭਾਜਪਾ ਦੇ ਇਸ਼ਾਰੇ ’ਤੇ ਇਹ ਸਾਰੀਆਂ ਸਿਆਸੀ ਚਾਲਾਂ ਚੱਲ ਰਹੇ ਹਨ।
ਪੰਨੂ ਨੇ ਮਜੀਠੀਆ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਪਿੰਦੇ ਅਤੇ ਸੱਤੇ ਨਾਲ ਕੀ ਸਬੰਧ ਹੈ, ਜਦਕਿ ਪਿੰਦੇ ਨੂੰ ਤਾਂ ਐਫ.ਬੀ.ਆਈ.  ਵੱਲੋਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਵਿਅਕਤੀ ਖ਼ਿਲਾਫ਼ ਪਹਿਲਾਂ ਹੀ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਐਨ.ਡੀ.ਪੀ.ਐਸ. (ਨਸ਼ਾ ਤਸਕਰੀ) ਵਰਗੇ ਅਤਿ-ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਉਸ ਨੂੰ ਦੂਜਿਆਂ ’ਤੇ ਚਿੱਕੜ ਉਛਾਲਣਾ ਸ਼ੋਭਾ ਨਹੀਂ ਦਿੰਦਾ। ਅਜਿਹੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਸਿਰਫ਼ ਆਪਣੀ ਹੋਂਦ ਬਚਾਉਣ ਲਈ ਝੂਠੇ ਦੋਸ਼ ਲਾ ਕੇ ਫੋਕੀ ਸਿਆਸਤ ਚਮਕਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਓਐਸਡੀ ਗੁਰਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸਿਮਰਨ ਗਰੇਵਾਲ ਅਤੇ ਹੋਰ ਆਗੂ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus ( )
Translate