‘ਆਪ’ ਦਾ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਸ਼ਨੀਵਾਰ ਨੂੰ,ਦੇਸ਼ ਭਰ ਦੇ ਲੋਕ ਰੱਖਣਗੇ ਆਪਣੇ ਵਿਚਾਰ
ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗਾ ਟਾਊਨਹਾਲ, ਆਨਲਾਈਨ-ਆਫਲਾਈਨ ਹਜ਼ਾਰਾਂ ਲੋਕ ਲੈਣਗੇ ਹਿੱਸਾ
ਈ-20 ਨੂੰ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਫੈਸਲਾ ਲੈਣ ਲਈ ਇੱਕ ਜਾਣੀ-ਪਛਾਣੀ ਸ਼ਖਸੀਅਤ ਵੀ ਮੌਜੂਦ ਹੋਵੇਗੀ- ਕੇਜਰੀਵਾਲ
ਆਪਣੀ ਗੱਲ ਰੱਖਣ ਲਈ ਤੁਸੀਂ ਵੀ ਆਫਲਾਈਨ ਜਾਂ ਆਨਲਾਈਨ ਟਾਊਨਹਾਲ ਨਾਲ ਜ਼ਰੂਰ ਜੁੜੋ – ਕੇਜਰੀਵਾਲ
ਨਵੀਂ ਦਿੱਲੀ, 31 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕੀਤਾ ਜਾਵੇਗਾ। ਇਸ ਟਾਊਨਹਾਲ ਵਿੱਚ ਈ-20 ਤੋਂ ਪ੍ਰਭਾਵਿਤ ਦੇਸ਼ ਭਰ ਦੇ ਲੋਕ ਆਨਲਾਈਨ ਜਾਂ ਆਫਲਾਈਨ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖਣਗੇ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਤੇ ਈ-20 ’ਤੇ ਫੈਸਲਾ ਲੈਣ ਲਈ ਮੇਰੇ ਨਾਲ ਦੇਸ਼ ਦੀ ਇੱਕ ਜਾਣੀ-ਪਛਾਣੀ ਸ਼ਖਸੀਅਤ ਮੌਜੂਦ ਹੋਵੇਗੀ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪ ਵੀ ਆਪਣੀ ਗੱਲ ਰੱਖਣ ਲਈ ਟਾਊਨਹਾਲ ਵਿੱਚ ਆਫਲਾਈਨ ਜਾਂ ਆਨਲਾਈਨ ਜ਼ਰੂਰ ਜੁੜੋ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਈ-20 ਪੈਟਰੋਲ ਨਾਲ ਗੱਡੀਆਂ ’ਤੇ ਪੈ ਰਹੇ ਅਸਰ ਦੇ ਮੁੱਦੇ ਨੂੰ ਲਗਾਤਾਰ ਚੁੱਕ ਰਹੀ ਹੈ। ਕੇਂਦਰ ਸਰਕਾਰ ਈ-20 ਨੂੰ ਪੁਰਾਣੀਆਂ ਗੱਡੀਆਂ ਲਈ ਵੀ ਸੁਰੱਖਿਅਤ ਦੱਸ ਰਹੀ ਹੈ, ਜਦਕਿ ਇਸ ਦੀ ਵਰਤੋਂ ਨਾਲ ਪੁਰਾਣੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਵੀ ਘਟ ਰਹੀ ਹੈ। ਇਸ ਸਬੰਧੀ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ ਸਥਿਤ 29 ਆਟੋ ਨਿਰਮਾਤਾ ਕੰਪਨੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸਪੱਸ਼ਟ ਕਰਨ ਦੀ ਅਪੀਲ ਵੀ ਕੀਤੀ ਸੀ ਕਿ ਕੀ ਈ-20 ਪੁਰਾਣੀਆਂ ਗੱਡੀਆਂ ਲਈ ਸੁਰੱਖਿਅਤ ਹੈ, ਕੀ ਇਸ ਦੀ ਵਰਤੋਂ ਨਾਲ ਗੱਡੀਆਂ ’ਤੇ ਕੋਈ ਅਸਰ ਨਹੀਂ ਪੈ ਰਿਹਾ?ਉਨ੍ਹਾਂ ਪੁੱਛਿਆ ਸੀ ਕਿ ਜੇਕਰ ਈ-20 ਦੀ ਵਰਤੋਂ ਨਾਲ ਗੱਡੀਆਂ ਖਰਾਬ ਹੁੰਦੀਆਂ ਹਨ ਤਾਂ ਉਸ ਦਾ ਹਰਜਾਨਾ ਕੌਣ ਦੇਵੇਗਾ? ਅਰਵਿੰਦ ਕੇਜਰੀਵਾਲ ਦੇ ਇਸ ਪੱਤਰ ਦਾ ਕਿਸੇ ਵੀ ਆਟੋ ਨਿਰਮਾਤਾ ਕੰਪਨੀ ਨੇ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ 9 ਕੰਪਨੀਆਂ ਨੇ ਅਰਵਿੰਦ ਕੇਜਰੀਵਾਲ ਨਾਲ ਹੋਈ ਮੀਟਿੰਗ ਵਿੱਚ ਜ਼ਬਾਨੀ ਤੌਰ ’ਤੇ ਦੱਸਿਆ ਕਿ ਈ-20 ਪੁਰਾਣੀਆਂ ਗੱਡੀਆਂ ਲਈ ਸੁਰੱਖਿਅਤ ਨਹੀਂ ਹੈ।
ਉੱਥੇ ਹੀ, ਬੀਤੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਈ-20 ਦੇ ਮੁੱਦੇ ’ਤੇ ਰਾਸ਼ਟਰੀ ਪੱਧਰ ’ਤੇ ਚਰਚਾ ਕਰਨ ਲਈ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਇਸ ਵਿੱਚ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਲੋਕ ਜੁੜ ਸਕਦੇ ਹਨ। ਪਾਰਟੀ ਨੇ ਆਨਲਾਈਨ ਜੁੜਨ ਲਈ ਲਿੰਕ ਜਾਰੀ ਕੀਤਾ ਸੀ। ਹਜ਼ਾਰਾਂ ਲੋਕਾਂ ਨੇ ਟਾਊਨਹਾਲ ਨਾਲ ਆਨਲਾਈਨ ਜੁੜਨ ਵਿੱਚ ਦਿਲਚਸਪੀ ਦਿਖਾਈ ਹੈ, ਜਦਕਿ ਦਿੱਲੀ ਅਤੇ ਐੱਨਸੀਆਰ ਤੋਂ ਵੱਡੀ ਗਿਣਤੀ ਵਿੱਚ ਲੋਕ ਟਾਊਨਹਾਲ ਵਿੱਚ ਫਿਜ਼ੀਕਲੀ ਤੌਰ ’ਤੇ ਸ਼ਾਮਲ ਹੋਣਗੇ।



