ਪੰਜਾਬ ਸਰਕਾਰ ਸੂਬੇ ਵਿੱਚ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਦੇ ਡਿਜੀਟਾਈਜ਼ੇਸ਼ਨ ਲਈ ਯੂ-ਵਿਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ


– ਅਗਸਤ ਵਿੱਚ ਯੂ-ਵਿਨ ਦੀ ਸ਼ੁਰੂਆਤ ਨਾਲ, ਲੋਕ ਆਪਣੀ ਟੀਕਾਕਰਨ ਅਨੁਸੂਚੀ ‘ਤੇ ਨਜ਼ਰ ਰੱਖ ਸਕਦੇ ਹਨ, ਆਪਣੇ ਟੀਕੇ ਆਨਲਾਈਨ ਬੁੱਕ ਕਰ ਸਕਦੇ ਹਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ
– ਪੰਜਾਬ ਨੇ ਯੂ-ਵਿਨ ਪਲੇਟਫਾਰਮ ਰਾਹੀਂ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਸੌ ਫ਼ੀਸਦੀ ਟੀਕਾਕਰਨ ਕਵਰੇਜ ਦਾ ਟੀਚਾ ਮਿੱਥਿਆ
– ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਤਵੇ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ

ਚੰਡੀਗੜ੍ਹ, 27 ਜੂਨ:
ਸੂਬੇ ਦੇ ਦੋ ਜ਼ਿਲ੍ਹਿਆਂ ਹੁਸ਼ਿਆਰਪੁਰ ਅਤੇ ਐਸ.ਬੀ.ਐਸ.ਨਗਰ ਵਿੱਚ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਡਿਜੀਟਾਈਜ਼ੇਸ਼ਨ ਦੀ ਸਫ਼ਲਤਾ ਉਪਰੰਤ, ਪੰਜਾਬ ਸਿਹਤ ਵਿਭਾਗ ਅਗਸਤ ਮਹੀਨੇ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਯੂਆਈਪੀ ਲਈ ਡਿਜੀਟਲ ਪਲੇਟਫਾਰਮ ਯੂ-ਵਿਨ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਪ੍ਰਮੁੱਖ ਪ੍ਰੋਗਰਾਮ ਨੇ ਦੋਵਾਂ ਜ਼ਿਲ੍ਹਿਆਂ ਵਿੱਚ 92 ਫੀਸਦੀ ਸੈਸ਼ਨ ਸਾਈਟਾਂ ਨੂੰ ਰਜਿਸਟਰ ਕਰਕੇ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ। ਇਸਦੇ ਨਾਲ ਹੀ ਗਰਭ ਅਵਸਥਾ ਸਬੰਧੀ 102 ਫੀਸਦੀ ਨਵਜੰਮੇ ਰਜਿਸਟਰ ਕੀਤੇ ਗਏ ਹਨ ਅਤੇ ਇਸ ਡਿਜੀਟਲ ਪਲੇਟਫਾਰਮ ਰਾਹੀਂ 90 ਫੀਸਦੀ ਰਜਿਸਟਰਡ ਨਵਜੰਮੇ ਬੱਚਿਆਂ ਨੂੰ ਜਨਮ ਸਮੇਂ ਟੀਕਿਆਂ ਦੀ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਸਫ਼ਲਤਾ ਲਈ ਸਿਹਤ ਸਟਾਫ਼ ਨੂੰ ਵਧਾਈ ਦਿੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਤਵੇ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਅਤੇ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ ਸਿਹਤ ਮੰਤਰੀ ਅੱਜ ਇੱਥੇ ਸ਼ੁਰੂ ਹੋਈ ਯੂ-ਵਿਨ ਲਈ ਟ੍ਰੇਨਰਾਂ ਦੀ ਸਿਖਲਾਈ ਸਬੰਧੀ ਦੋ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਬੁੱਧਵਾਰ ਨੂੰ ਸਮਾਪਤ ਹੋਣ ਵਾਲੀ ਇਸ ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਵੈਕਸੀਨ ਕੋਲਡ ਚੇਨ ਮੈਨੇਜਰ ਭਾਗ ਲੈ ਰਹੇ ਹਨ। ਸਿਖਲਾਈ ਪ੍ਰਾਪਤ ਕਰਨ ਉਪਰੰਤ, ਇਹ ਟ੍ਰੇਨਰ ਯੂ-ਵਿਨ ਪਲੇਟਫਾਰਮ ਦੀ ਸਫ਼ਲ ਸ਼ੁਰੂਆਤ ਲਈ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਸਬੰਧਤ ਸਿਹਤ ਸਟਾਫ ਨੂੰ ਸਿਖਲਾਈ ਦੇਣਗੇ।
ਜ਼ਿਕਰਯੋਗ ਹੈ ਕਿ ਟੀਕਾਕਰਨ, ਵੈਕਸੀਨ ਨਾਲ ਰੋਕੀਆਂ ਜਾਣ ਵਾਲੀਆਂ ਬਿਮਾਰੀਆਂ ਅਤੇ ਯੂਪੀਆਈ ਦੇ ਪੰਜਾਬ ਵਿੱਚ ਫੈਲਾਅ ਨੂੰ ਰੋਕਣ ਲਈ ਪ੍ਰਮਾਣਿਤ ਅਤੇ ਕਿਫ਼ਾਇਤੀ ਰਣਨੀਤੀ ਹੈ ਜੋ 11 ਬਿਮਾਰੀਆਂ ਨੂੰ ਕਵਰ ਕਰਦੀ ਹੈ ਅਤੇ ਇਸ ਦਾ ਟੀਚਾ ਹਰ ਸਾਲ 437000 ਤੋਂ ਵੱਧ ਨਵਜੰਮੇ ਬੱਚਿਆਂ ਅਤੇ 480000 ਗਰਭਵਤੀ ਮਹਿਲਾਵਾਂ ਨੂੰ ਕਵਰ ਕਰਨਾ ਹੈ।
ਹੁਣ ਤੱਕ, ਇਹ ਟੀਕਾਕਰਨ ਪ੍ਰੋਗਰਾਮ ਦਸਤੀ ਰੂਪ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਅਗਸਤ ਤੋਂ ਯੂ-ਵਿਨ ਪਲੇਟਫਾਰਮ ਦੇ ਲਾਗੂ ਹੋਣ ਦੇ ਨਾਲ, ਟੀਕਾਕਰਨ ਨਾਲ ਸਬੰਧਤ ਸਾਰਾ ਡਾਟਾ ਕੋ-ਵਿਨ ਦੀ ਤਰਜ਼ ‘ਤੇ ਡਿਜੀਟਾਈਜ਼ ਕੀਤਾ ਜਾਵੇਗਾ। ਕੋਵਿਡ ਮਹਾਂਮਾਰੀ ਦੌਰਾਨ ਕੋਵਿਡ ਟੀਕਾਕਰਨ ਲਈ ਕੋ-ਵਿਨ ਪਲੇਟਫਾਰਮ ਭਾਰਤ ਵਿੱਚ ਬਹੁਤ ਸਫ਼ਲ ਰਿਹਾ ਹੈ। ਡਿਜੀਟਲਾਈਜ਼ੇਸ਼ਨ ਦੇ ਨਾਲ ਨਾ ਸਿਰਫ਼ ਰਿਕਾਰਡ ਰੱਖਣ ਵਿੱਚ ਸੁਧਾਰ ਹੋਵੇਗਾ ਬਲਕਿ ਇਹ ਲਾਭਪਾਤਰੀਆਂ ਨੂੰ ਸਮਰੱਥ ਬਣਾਏਗਾ ਅਤੇ ਟੀਕਾਕਰਨ ਕਵਰੇਜ ਵਿੱਚ ਵਾਧੇ ਨਾਲ ਜਨਤਕ ਸਿਹਤ ਦੇ ਬਿਹਤਰ ਨਤੀਜਿਆਂ ਵਿੱਚ ਯੋਗਦਾਨ ਪਾਵੇਗਾ।
ਯੂ-ਵਿਨ ਪਲੇਟਫਾਰਮ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਡਿਜੀਟਲਾਈਜ਼ੇਸ਼ਨ ਬਹੁਤ ਮਦਦਗਾਰ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਕਰਮਚਾਰੀਆਂ ‘ਤੇ ਕੰਮ ਦਾ ਬੋਝ ਘਟੇਗਾ ਅਤੇ ਰਿਪੋਰਟਾਂ ਤਿਆਰ ਕਰਨ ਵਿੱਚ ਲਗਦੇ ਬੇਲੋੜੇ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਡੇਟਾ ਦਾ ਆਨਲਾਈਨ ਰਿਕਾਰਡ ਰੱਖਣ ਨਾਲ ਲੋੜੀਂਦੀਆਂ ਰਿਪੋਰਟਾਂ ਆਟੋ-ਜਨਰੇਟ ਹੋਣ ਵਿੱਚ ਮਦਦ ਮਿਲੇਗੀ।
ਇਸ ਪੋਰਟਲ ਨਾਲ ਲਾਭਪਾਤਰੀਆਂ ਨੂੰ ਵੀ ਆਸਾਨੀ ਹੋਵੇਗੀ ਕਿਉਂਕਿ ਉਹ ਆਪਣੇ ਘਰ ਬੈਠੇ ਹੀ ਕਿਸੇ ਵੀ ਨੇੜਲੀ ਸੈਸ਼ਨ ਸਾਈਟ ‘ਤੇ ਆਪਣੇ ਟੀਕਾਕਰਨ ਦੀ ਰਜਿਸਟਰੇਸ਼ਨ ਕਰਵਾ ਸਕਣਗੇ।  ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪੋਰਟਲ ‘ਤੇ ਲਾਭਪਾਤਰੀਆਂ ਦੀ ਆਨ-ਸਾਈਟ ਰਜਿਸਟ੍ਰੇਸ਼ਨ ਦੀ ਸੁਵਿਧਾ ਵੀ ਉਪਲਬਧ ਹੋਵੇਗੀ।
ਸਕੱਤਰ ਸਿਹਤ ਕਮ ਐਮ.ਡੀ. ਐਨ.ਐਚ.ਐਮ. ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਯੂ-ਵਿਨ ਪਲੇਟਫਾਰਮ ਤੋਂ ਲਾਭਪਾਤਰੀ ਆਪਣੇ ਟੀਕਾਕਰਨ ਸਰਟੀਫਿਕੇਟ ਡਾਊਨਲੋਡ ਕਰ ਸਕਣਗੇ ਅਤੇ ਉਨ੍ਹਾਂ ਨੂੰ ਅੱਗੇ ਦੇ ਟੀਕਾਕਰਨ ਪ੍ਰੋਗਰਾਮਾਂ, ਫਾਲੋ-ਅਪ ਅਤੇ ਆਰ.ਆਈ. ਸੈਸ਼ਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਮੋਬਾਈਲ ‘ਤੇ ਟੈਕਸਟ ਸੁਨੇਹਿਆਂ ਦੇ ਰੂਪ ਵਿੱਚ ਰੀਮਾਈਂਡਰ ਵੀ ਭੇਜੇ ਜਾਣਗੇ। ਹਰੇਕ ਨਾਗਰਿਕ ਲਈ ਏ.ਬੀ.ਐਚ.ਏ. ਆਈਡੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਆਈਜੀ (ਏ.ਬੀ.ਐਚ.ਏ. ਆਈਡੀ) ਨਾਲ ਲਿੰਕਡ ਵੈਕਸੀਨ ਰਸੀਦ ਅਤੇ ਟੀਕਾਕਰਨ ਕਾਰਡ ਜਨਰੇਟ ਕੀਤਾ ਜਾਵੇਗਾ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਭਾਗੀਦਾਰਾਂ ਨੂੰ ਯੂ-ਵਿਨ ਦੇ ਸਫਲਤਾਪੂਰਵਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।
ਸਿਖਲਾਈ ਵਰਕਸ਼ਾਪ ਦੌਰਾਨ ਦੋ ਪਾਇਲਟ ਜ਼ਿਲ੍ਹਿਆਂ ਵਿੱਚ ਯੂ-ਵਿਨ ਦੇ ਸਫ਼ਲਤਾਪੂਰਵਕ ਲਾਗੂ ਕਰਨ ‘ਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਪ੍ਰਾਜੈਕਟ ਅਫ਼ਸਰ ਯੂ.ਐਨ.ਡੀ.ਪੀ. ਡਾ. ਸੀਮਾ ਗਰਗ, ਡਾ. ਮੀਤ ਦੀਪਿੰਦਰ ਸਿੰਘ, ਉਪਕਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ, ਐਸ.ਪੀ.ਓ. ਯੂ.ਐਨ.ਡੀ.ਪੀ ਡਾ.ਮਨੀਸ਼ਾ ਮੰਡਲ, ਡਾ. ਸੋਨਿਕਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate