ਜਿ਼ਲ੍ਹਾ ਪੱਧਰੀ ਯੋਗ ਦਿਵਸ ਸਮਾਗਮ ਕਰਵਾਇਆ, ਸ਼ਹਿਰਵਾਸੀਆਂ ਨੇ ਉਤਸਾਹ ਨਾਲ ਲਿਆ ਭਾਗ
—ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਵੀ ਕੀਤੀ ਸਿ਼ਰਕਤ
ਫਾਜਿ਼ਲਕਾ, 21 ਜ਼ੂਨ
ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿਚ ਜਿ਼ਲ੍ਹਾ ਪੱਧਰੀ ਯੋਗ ਦਿਵਸ ਸਮਾਗਮ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ ਵਿਖੇ ਉਤਸਾਹ ਅਤੇ ਜ਼ੋਸ਼ ਨਾਲ ਕਰਵਾਇਆ ਗਿਆ। ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ, ਐਸਐਸਪੀ ਅਵਨੀਤ ਕੌਰ ਸਿੱਧੂ ਨੇ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗ ਨੂੰ ਪ੍ਰਫੁਲਿਤ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਲੋਕਾਂ ਨੂੰ ਤੰਦਰੁਸਤੀ ਨਾਲ ਜੋੜਦਾ ਹੈ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਰੋਜਾਨਾ ਕਰਨ ਕਿਉਂਕਿ ਮਨੁੱਖ ਲਈ ਸਿਹਤ ਸਭ ਤੋਂ ਵੱਡੀ ਨਿਯਾਮਤ ਹੈ ਅਤੇ ਸਿਹਤ ਸੰਭਾਲ ਮਨੁੱਖ ਦਾ ਪਹਿਲਾਂ ਫਰਜ ਵੀ ਹੈ।
ਇਸ ਮੌਕੇ ਫਾਜਿ਼ਲਕਾ ਦੇ ਲੋਕਾਂ ਨੇ ਉਤਸਾਹ ਨਾਲ ਇਸ ਸਮਾਗਮ ਵਿਚ ਸਿ਼ਰਕਤ ਕੀਤੀ। ਇਸ ਮੌਕੇ ਆਰਟ ਆਫ ਲਿਵਿੰਗ ਸੰਸਥਾ ਤੋਂ ਸ੍ਰੀ ਚੇਨਤ ਸੇਤੀਆ ਅਤੇ ਸ੍ਰੀ ਦਿਵਾਂਸੂ ਨੇ ਆਪਣੀ ਪੂਰੀ ਟੀਮ ਨਾਲ ਹਾਜਰ ਲੋਕਾਂ ਨੂੰ ਵੱਖ ਵੱਖ ਯੋਗ ਕ੍ਰਿਆਵਾਂ ਕਰਵਾਈਆਂ ਅਤੇ ਯੋਗ ਦੇ ਮਹੱਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਯੋਗ ਰਾਹੀਂ ਅਸੀਂ ਆਪਣੇ ਸ਼ਰੀਰ ਅਤੇ ਮਨ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਇਸ ਨਾਲ ਸਾਡੇ ਜੀਵਨ ਵਿਚ ਹਾਂਪੱਖੀ ਵਿਚਾਰਾਂ ਦਾ ਪਸਾਰ ਹੁੰਦਾ ਹੈ ਜਿਸਦਾ ਸਾਰਥਕ ਪ੍ਰਤਿਬਿੰਬ ਸਾਡੇ ਰੋਜਮਰਾ ਦੇ ਕੰਮਕਾਜ ਵਿਚ ਵੀ ਝਲਕਣ ਲੱਗਦਾ ਹੈ।
ਇਸ ਮੌਕੇ ਆਰਟ ਆਫ ਲਿਵਿੰਗ ਸੰਸਥਾਂ ਤੋਂ ਯੋਗ ਕ੍ਰਿਆਵਾਂ ਰਾਹੀਂ ਆਪਣੇ ਅੰਤਰਮਨ ਨੂੰ ਮਜਬੂਤ ਕਰ ਚੁੱਕੇ ਬੱਚਿਆਂ ਵੱਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਆਯੁਰਵੈਦਿਕ ਵਿਭਾਗ ਤੋਂ ਡਾ: ਸਤਪਾਲ ਅਤੇ ਡਾ: ਵਿਨੋਦ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਸਾਰੰਗਪ੍ਰੀਤ ਸਿੰਘ, ਡੀਐਸਪੀ ਸ: ਸੁਬੇਗ ਸਿੰਘ, ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ, ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਖਬੀਰ ਸਿੰਘ ਬੱਲ ਸਮੇਤ ਵੱਖ ਵੱਖ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਵੀ ਹਾਜਰ ਸਨ।