ਬਾਜਵਾ ਸਾਹਿਬ ਨੂੰ ‘ਜ਼ੁਬਾਨ ਦਾ ਰੋਗ’ ਹੋ ਗਿਆ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਜਨਤਕ ਮੰਚ ‘ਤੇ ਕੀ ਅਤੇ ਕਿਵੇਂ ਬੋਲਣਾ ਚਾਹੀਦਾ ਹੈ-ਅਰੋੜਾ

ਪ੍ਰਤਾਪ ਸਿੰਘ ਬਾਜਵਾ ਦੇ ‘ਸਿਉਂਕ’ ਵਾਲੇ ਬਿਆਨ ‘ਤੇ ਅਮਨ ਅਰੋੜਾ ਦਾ ਤਿੱਖਾ ਪਲਟਵਾਰ

ਕਿਹਾ- ਜਿਸ ਧਰਤੀ ਨੂੰ ਤੁਸੀਂ ‘ਸਿਉਂਕ’ ਨਾਲ ਜੋੜ ਰਹੇ ਹੋ, ਉਹ ਸੰਤ ਬਾਬਾ ਅਤਰ ਸਿੰਘ ਜੀ ਵਰਗੇ ਵਿਦਵਾਨਾਂ, ਸੰਤ ਸੇਵਾ ਸਿੰਘ ਠੀਕਰੀਵਾਲਾ ਅਤੇ ਸ਼ਹੀਦ ਊਧਮ ਸਿੰਘ ਜੀ ਵਰਗੇ ਮਹਾਨ ਯੋਧਿਆਂ ਨੂੰ ਜਨਮ ਦੇਣ ਵਾਲੀ ਪਾਵਨ ਧਰਤੀ ਹੈ: ਅਰੋੜਾ

ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣਾ ਬੰਦ ਕਰਨ ਬਾਜਵਾ, 2027 ਵਿੱਚ ਕਾਂਗਰਸ ਦੀ ਸਰਕਾਰ ਨਹੀਂ, ਸੂਪੜਾ ਸਾਫ਼ ਹੋਵੇਗਾ: ਅਰੋੜਾ

ਚੰਡੀਗੜ੍ਹ 7 ਅਪ੍ਰੈਲ

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਗਰੂਰ ਦੀ ਧਰਤੀ ਅਤੇ ‘ਆਪ’ ਨੂੰ ‘ਸਿਉਂਕ’ ਦੱਸਣ ਵਾਲੀ ਟਿੱਪਣੀ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਅਰੋੜਾ ਨੇ ਕਿਹਾ ਕਿ ਬਾਜਵਾ ਸਾਹਿਬ ਨੂੰ ‘ਜ਼ੁਬਾਨ ਦਾ ਰੋਗ’ ਹੋ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਜਨਤਕ ਮੰਚ ‘ਤੇ ਕੀ ਅਤੇ ਕਿਵੇਂ ਬੋਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਜਵਾ ਦਾ ਇਹ ਬਿਆਨ ਉਹਨਾਂ ਦੀ ਹਤਾਸ਼ਾ ਅਤੇ ਪੰਜਾਬ ਦੀ ਜਨਤਾ ਪ੍ਰਤੀ ਉਹਨਾਂ ਦੀ ਨਫ਼ਰਤ ਨੂੰ ਦਰਸਾਉਂਦਾ ਹੈ।

ਅਮਨ ਅਰੋੜਾ ਨੇ ਬਾਜਵਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਧਰਤੀ ਨੂੰ ਉਹ ‘ਸਿਉਂਕ’ ਨਾਲ ਜੋੜ ਰਹੇ ਹਨ, ਉਹ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਯੋਧਿਆਂ, ਸੰਤ ਬਾਬਾ ਅਤਰ ਸਿੰਘ ਜੀ ਵਰਗੇ ਵਿਦਵਾਨਾਂ ਅਤੇ ਸੰਤ ਸੇਵਾ ਸਿੰਘ ਠੀਕਰੀਵਾਲਾ ਤੇ ਕੂਕਾ ਲਹਿਰ ਨੂੰ ਜਨਮ ਦੇਣ ਵਾਲੀ ਪਾਵਨ ਧਰਤੀ ਹੈ। ਇਸ ਪਵਿੱਤਰ ਮਿੱਟੀ ਦਾ ਅਪਮਾਨ ਕਰਕੇ ਬਾਜਵਾ ਨੇ ਨਾ ਸਿਰਫ਼ ਸੰਗਰੂਰ, ਸਗੋਂ ਪੂਰੇ ਪੰਜਾਬ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਦੇ ਲਈ ਉਹਨਾਂ ਨੂੰ ਪੰਜਾਬ ਦੀ ਜਨਤਾ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।

2027 ਵਿੱਚ ਸਰਕਾਰ ਬਣਾਉਣ ਦੇ ਬਾਜਵਾ ਦੇ ਦਾਅਵਿਆਂ ਨੂੰ ‘ਮੁੰਗੇਰੀ ਲਾਲ ਦੇ ਹਸੀਨ ਸੁਪਨੇ’ ਕਰਾਰ ਦਿੰਦਿਆਂ ਅਰੋੜਾ ਨੇ ਕਿਹਾ ਕਿ ਕਾਂਗਰਸੀ ਆਗੂ ਗ਼ਲਤਫ਼ਹਿਮੀ ਵਿੱਚ ਜੀ ਰਹੇ ਹਨ। ਉਹਨਾਂ ਨੇ ਤਨਜ਼ ਕੱਸਦਿਆਂ ਕਿਹਾ ਕਿ ਪਿਛਲੀ ਵਾਰ ਤਾਂ ਕਾਂਗਰਸ 18 ਸੀਟਾਂ ‘ਤੇ ਸਿਮਟ ਗਈ ਸੀ, ਪਰ 2027 ਦੀਆਂ ਚੋਣਾਂ ਵਿੱਚ ਉਹਨਾਂ ਲਈ 2 ਸੀਟਾਂ ਬਚਾਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ। ਪੰਜਾਬ ਦੀ ਜਨਤਾ ਭਲੀ-ਭਾਂਤ ਜਾਣਦੀ ਹੈ ਕਿ ਸੂਬੇ ਦੀ ਖ਼ੁਸ਼ਹਾਲੀ ਦਾ ਰਸਤਾ ਸਿਰਫ਼ ਆਮ ਆਦਮੀ ਪਾਰਟੀ ਕੋਲ ਹੈ।

ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਸੰਗਰੂਰ ਉਹੀ ਥਾਂ ਹੈ ਜਿੱਥੋਂ ਕਾਂਗਰਸ ਦੇ ਪਤਨ ਦੀ ਸ਼ੁਰੂਆਤ ਹੋਈ ਸੀ ਅਤੇ ਪਾਰਟੀ ਹਾਸ਼ੀਏ ‘ਤੇ ਪਹੁੰਚੀ ਸੀ। ਉਹਨਾਂ ਨੇ ਚੇਤਾਵਨੀ ਦਿੱਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਾਗਰੂਕ ਜਨਤਾ ਕਾਂਗਰਸ ਦਾ ਪੂਰੀ ਤਰ੍ਹਾਂ ਸੂਪੜਾ ਸਾਫ਼ ਕਰ ਦੇਵੇਗੀ ਅਤੇ ਉਹਨਾਂ ਦੇ ਹੰਕਾਰੀ ਬਿਆਨਾਂ ਦਾ ਜਵਾਬ ਵੋਟ ਦੀ ਚੋਟ ਨਾਲ ਦੇਵੇਗੀ।

CATEGORIES
Share This

COMMENTS

Wordpress (0)
Disqus ( )
Translate