ਆਪਣੇ ਬੱਚਿਆਂ ਨੂੰ ਮੋਬਾਈਲ ਦਾ ਗੁਲਾਮ ਨਾ ਬਣਨ ਦਿਓ-ਅਵਨੀਤ ਕੌਰ ਸਿੱਧੂ
ਅਬੋਹਰ 7 ਅਪ੍ਰੈਲ। ਸਮਾਜ ਸੇਵੀ ਸ਼ਖਸੀਅਤ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਇੱਛਾ ਹੈ ਕਿ ਉਹ ਆਪਣੀ ਜਨਮਭੂਮੀ ਅਬੋਹਰ ਦੇ ਵਿਦਿਆਰਥੀਆਂ ਲਈ ਕੁਝ ਕਰ ਸਕਣ ਜਾਂ ਉਨ੍ਹਾਂ ਦੇ ਕੰਮ ਆ ਸਕਣ, ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਉਨ੍ਹਾਂ ਦੀ ਸੋਚ ਹੈ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਟੀਚਰਾਂ ਨਾਲ ਸੈਮੀਨਾਰ ਜਾਂ ਗੱਲਬਾਤ ਦੇ ਰਾਹੀਂ ਇੰਟਰੈਕਸ਼ਨ ਕੀਤਾ ਜਾਵੇ, ਜਿਸ ਨਾਲ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਉਸਾਰੀ ਵਿੱਚ ਸਕਾਰਾਤਮਕ ਯੋਗਦਾਨ ਮਿਲ ਸਕੇ।
ਮੈਡਮ ਸਿੱਧੂ ਨੇ ਕਿਹਾ ਕਿ ਵਰਤਮਾਨ ਵਿੱਚ ਕਿਸੇ ਵੀ ਪਰਿਵਾਰ ਨੂੰ ਵੇਖ ਲਓ, ਮੀਆਂ-ਬੀਵੀ ਆਪਣੀਆਂ ਨੌਕਰੀਆਂ ਜਾਂ ਆਪਣੇ ਕਾਰੋਬਾਰ ਵਿੱਚ ਰੁੱਝੇ ਨਜ਼ਰ ਆਉਂਦੇ ਹਨ ਅਤੇ ਬੱਚਿਆਂ ਦੇ ਕੋਲ ਬੈਠ ਕੇ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਸੰਭਵ ਤੌਰ ਤੇ ਇਸੇ ਕਰਕੇ ਅੱਜਕਲ੍ਹ ਬਹੁਤ ਸਾਰੇ ਬੱਚੇ ਛੋਟੀ ਉਮਰ ਵਿੱਚ ਹੀ ਕਿਤੇ ਨਾ ਕਿਤੇ ਬੁਰੀਆਂ ਆਦਤਾਂ ਜਾਂ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਬਿਠਾਉਣ ਅਤੇ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਨ, ਤਾ ਕੀ ਬੱਚੇ ਆਪਣੇ ਮਾਤਾ-ਪਿਤਾ ਨੂੰ ਆਪਣੇ ਤੋਂ ਵੱਖ ਨਾ ਸਮਝਣ ਅਤੇ ਆਪਣਾ ਦੋਸਤ ਹੀ ਮੰਨਣ। ਬੱਚੇ ਨਾਲ ਦੋਸਤੀ ਕਰਕੇ ਹੀ ਤੁਸੀਂ ਉਸ ਦੇ ਮਨ ਦੀ ਗੱਲ ਜਾਣ ਸਕਦੇ ਹੋ ਅਤੇ ਉਸ ਦੇ ਦਿਲ ਤੱਕ ਆਪਣੀ ਗੱਲ ਬੜੀ ਸਹਜਤਾ ਨਾਲ ਪਹੁੰਚਾ ਸਕਦੇ ਹੋ।
ਇਸ ਤੋਂ ਇਲਾਵਾ ਉਨ੍ਹਾਂ ਅੱਜ ਕਲ੍ਹ ਦੇ ਮਾਪਿਆਂ ਲਈ ਸੁਨੇਹਾ ਵੀ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਿੰਨਾ ਵੱਧ ਲਾਡ-ਪਿਆਰ ਦੇ ਰਹੇ ਹਾਂ, ਸ਼ਾਇਦ ਇਹ ਵੀ ਉਨ੍ਹਾਂ ਦੀ ਸਹੀ-ਗਲਤ ਦੀ ਪਛਾਣ ਕਰਨ ਵਿੱਚ ਮੁਸ਼ਕਲ ਪੈਦਾ ਕਰ ਰਿਹਾ ਹੈ। ਉਨ੍ਹਾਂ ਅੱਜਕਲ੍ਹ ਦੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਦਾ ਗੁਲਾਮ ਨਾ ਬਣਨ ਦੇਣ।



