ਇਹ ਲੋਕ ਹੁਕਮਨਾਮੇ ਤੋਂ ਮੁਨਕਰ ਹੀ ਨਹੀਂ ਹੋਏ, ਸਗੋਂ ਇਹਨਾਂ ਨੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਸਾਜਿਸ਼ ਦੱਸਣ ਦਾ ਗੁਨਾਹ ਕੀਤੈ- ਗਿਆਨੀ ਹਰਪ੍ਰੀਤ ਸਿੰਘ

ਅਕਾਲ ਤਖਤ ਸਾਹਿਬ ਦੇ ਭਗੌੜਿਆਂ ਨੂੰ ਮੈਂ ਸਿੱਖ ਹੀ ਨਹੀਂ ਮੰਨਦਾ, ਕੁਝ ਲੋਕ ਸੁਖਬੀਰੇ ਨੂੰ ਪ੍ਰਧਾਨ ਮੰਨੀ ਜਾਂਦੇ ਹਨ- ਸ ਰਵੀਇੰਦਰ ਸਿੰਘ
 ਚੰਡੀਗੜ੍ਹ 4 ਅਪ੍ਰੈਲ – ਅੱਜ ਅਸੀਂ ਪੰਥ ਅਤੇ ਪੰਜਾਬ ਦੀ ਚਿੰਤਾ ਕਰਨ ਲਈ ਇਕੱਠੇ ਹੋਏ ਹਾਂ। ਕਿਉਂਕਿ ਕੁਝ ਲਾਲਚੀ ਲੋਕਾਂ ਵੱਲੋਂ ਪੰਜਾਬ ਨੂੰ ਲੁੱਟਿਆ ਹੀ ਨਹੀਂ ਗਿਆ, ਸਗੋਂ ਪੰਥਕ ਪ੍ਰੰਪਰਾਵਾਂ ਦਾ ਘਾਣ ਵੀ ਕੀਤਾ ਹੈ। ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿੱਚ ਉਹ ਗੁਰੂ ਦੇ ਫਟਕਾਰੇ ਹੋਏ ਹਨ। ਫਟਕਾਰੇ ਹੋਏ ਇਸ ਲਈ ਨਹੀਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਮੁਨਕਰ ਹੋਏ ਹਨ, ਗੁਰੂ ਦੀ ਫਟਕਾਰ ਇਸ ਲਈ ਹੈ ਕਿਉਂਕਿ ਇਹਨਾਂ ਨੇ ਗੁਰੂ ਰੂਪ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਇਕ ਸਾਜਿਸ਼ ਦੱਸਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਗੁਰਦੁਆਰਾ ਕਰਤਾਰਸਰ ਸਾਹਿਬ ਪਿੰਡ ਪਡਿਆਲਾ (ਮੋਹਾਲੀ) ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕ ਵਰਕਰ ਮੀਟਿੰਗ ਦੌਰਾਨ ਬੋਲ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮੇ ਹੋਏ ਸਨ ਤਾਂ ਇਸ ਨਾਲ ਤਖਤ ਸਾਹਿਬ ਦੀ ਅਜ਼ਮਤ ਦੁਨੀਆਂ ਭਰ ਵਿੱਚ ਫੈਲੀ ਸੀ, ਪਰ ਉਸ ਹੁਕਮਨਾਮੇ ਨੂੰ ਕਲੰਕਿਤ ਕਰਨ ਲਈ ਇਹਨਾਂ ਭਗੌੜਿਆਂ ਨੇ ਦਿੱਲੀ ਦੇ ਇਕ ਕਾਮਰੇਡ ਤੋਂ ਅੰਗਰੇਜੀ ਅਖਬਾਰ ਵਿੱਚ ਲੇਖ ਲਿਖਵਾਇਆ ਸੀ ਕਿ ਅਕਾਲ ਤਖਤ ਸਾਹਿਬ ਨੂੰ ਸਿੱਖ ਰਾਜਨੀਤੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹ ਹੁਕਮਨਾਮੇ ਇਤਿਹਾਸ ਵਿੱਚ ਹਮੇਸ਼ਾਂ ਸੁਰੱਖਿਅਤ ਰਹਿਣਗੇ, ਕਿਉਂਕਿ ਉਹ ਗੁਰੂ ਦੀ ਬਖਸ਼ਿਸ਼ ਨਾਲ ਵਾਪਰੇ ਸਨ। ਉਹਨਾਂ ਕਿਹਾ ਕਿ ਸੁਖਬੀਰ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਟਕਸਾਲੀ ਅਕਾਲੀਆਂ ਨੂੰ ਬਾਹਰ ਕਰਕੇ ਰੇਤ, ਬੱਜਰੀ, ਕੇਬਲ ਮਾਫੀਆ ਨੂੰ ਨਾਲ ਜੋੜਿਆ। ਕਿਉਂਕਿ ਧਰਮੀਆਂ ਨਾਲ ਹਮੇਸ਼ਾਂ ਧਰਮੀ ਜੁੜਦੇ ਹਨ, ਜਦਕਿ ਬੇਦੀਨਿਆਂ ਨਾਲ ਬੇਦੀਨੇ ਜੁੜ ਜਾਂਦੇ ਹਨ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਘਰ-ਘਰ ਤੱਕ ਪਹੁੰਚਾਉਣ।
ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ ਰਵੀਇੰਦਰ ਸਿੰਘ ਨੇ ਕਿਹਾ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੋ ਕੁਝ ਵੀ ਵਾਪਰਿਆ, ਉਹ ਸਾਰੀ ਦੁਨੀਆਂ ਨੇ ਵੇਖਿਆ। ਜਿੱਥੇ ਸਿੰਘ ਸਾਹਿਬਾਨ ਨੇ ਸਿੱਧੇ ਸਵਾਲ ਕੀਤੇ ਅਤੇ ਉਹ ਸਾਰੀਆਂ ਗੁਸਤਾਖੀਆਂ ਨੂੰ ਹਾਂਜੀ ਕਹਿ ਕੇ ਕਬੂਲ ਕਰਦੇ ਰਹੇ, ਪਰ ਬਾਦ ਵਿੱਚ ਮੁਕਰ ਗਏ। ਉਹਨਾਂ ਕਿਹਾ ਕਿ ਜੋ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸਭ ਕੁੱਝ ਮੰਨ ਕੇ ਮੁਕਰ ਜਾਂਦਾ ਹੈ ਮੈਂ ਉਸ ਨੂੰ ਸਿੱਖ ਹੀ ਨਹੀਂ ਮੰਨਦਾ, ਪਰ ਕੁਝ ਲੋਕ ਸੁਖਬੀਰੇ ਨੂੰ ਪ੍ਰਧਾਨ ਮੰਨੀ ਜਾਂਦੇ ਹਨ। ਉਹਨਾਂ ਨੇ ਸ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਦੀਆਂ ਲਾਸ਼ਾਂ ਉੱਤੇ ਪੈਰ ਰੱਖ ਕੇ ਅੱਗੇ ਵਧਿਆ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣੀ ਸੀ ਜਦਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਇਕ ਸਾਬਕਾ ਪ੍ਰਧਾਨ ਹੁਕਮਨਾਮੇ ਤੋਂ ਬਾਗੀ ਹੋ ਗਏ। ਸਾਨੂੰ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ।

CATEGORIES
Share This

COMMENTS

Wordpress (0)
Disqus ( )
Translate