ਭੋਲੇਪਣ ਤੇ ਸਾਦਗੀ ਦੀ ਮੂਰਤ ਗਾਇਕਾ ਸਰਗੀ ਮਾਨ ਦੀ ਸੰਘਰਸ਼ ਭਰੀ ਕਹਾਣੀ

ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਭੋਲੇਪਨ ਤੇ ਸਾਦਗੀ ਦੀ ਮੂਰਤ ਪੰਜਾਬੀ ਲੋਕ ਗਾਇਕਾ ਸਰਗੀ ਮਾਨ ਬਾਰੇ।
ਦੋਸਤੋ, ਜੇ ਤੁਸੀਂ ਇੰਸਟਾਗ੍ਰਾਮ ‘ਤੇ “ਜਿਸਮਾਂ ਤੋਂ ਪਾਰ ਦੀ ਗੱਲ” ਗਾਣੇ ਦੀ ਵਾਇਰਲ ਰੀਲ ਦੇਖੀ ਹੈ ਤਾਂ ਤੁਸੀਂ ਉਸ ਸੁਰੀਲੀ ਆਵਾਜ਼ ਵਾਲੀ ਕੁੜੀ ‘ਸਰਗੀ ਮਾਨ’ ਨੂੰ ਜ਼ਰੂਰ ਜਾਣਦੇ ਹੋਵੋਗੇ।

ਸਰਗੀ ਮਾਨ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਤੋਂ ਹਨ। ਉਨਾਂ ਦੇ ਖੂਨ ਵਿੱਚ ਹੀ ਸੰਗੀਤ ਸੀ। ਨਾਨਾ ਜੀ ਲਿਖਦੇ ਤੇ ਗਾਉਂਦੇ ਸੀ ਅਤੇ ਮੰਮੀ ਨੇ ਵੀ ਵਿਆਹ ਤੋਂ ਬਾਅਦ ਲਿਖਣਾ ਸ਼ੁਰੂ ਕਰ ਦਿੱਤਾ। ਡੈਡੀ ਖੇਤੀਬਾੜੀ ਕਰਦੇ ਸੀ ਪਰ ਉਨਾਂ ਨੇ ਹਮੇਸ਼ਾ ਸਪੋਰਟ ਕੀਤੀ ਅਤੇ ਆਪਣੀ ਪਤਨੀ ਲਈ ਇੱਕ ਹਾਰਮੋਨੀਅਮ ਵੀ ਲੈ ਕੇ ਆਏ। ਸਰਗੀ ਬਚਪਨ ਵਿੱਚ ਟੀਵੀ ਤੋਂ ਗਾਣੇ ਸੁਣ ਕੇ ਡਾਇਰੀ ਵਿੱਚ ਲਿਖਦੀ ਤੇ ਸਕੂਲ ਜਾ ਕੇ ਆਪਣੀਆਂ ਸਹੇਲੀਆਂ ਨੂੰ ਸੁਣਾਉਂਦੀ ਹੁੰਦੀ ਸੀ।

ਪਿੰਡਾਂ ਵਿੱਚ ਅਕਸਰ ਕੁੜੀਆਂ ਨੂੰ ਇਸ ਲਾਈਨ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਰਿਸ਼ਤੇਦਾਰਾਂ ਨੇ ਬਹੁਤ ਜ਼ੋਰ ਲਾਇਆ ਕਿ “ਕੁੜੀ ਲਈ ਇਹ ਲਾਈਨ ਸਹੀ ਨਹੀਂ ਇਹਨੂੰ ਟੀਚਰ ਜਾਂ ਡਾਕਟਰ ਬਣਾ ਦਿਓ ਜਾਂ ਵਿਆਹ ਕਰ ਦਿਓ। ਸਰਗੀ ਨੇ ਲੋਕਾਂ ਦੇ ਕਹਿਣ ‘ਤੇ ਇੱਕ ਵਾਰ ਮਿਊਜ਼ਿਕ ਛੱਡ ਕੇ ਅੰਗਰੇਜ਼ੀ ਦੀ ਐਮ.ਏ (M.A.) ਵਿੱਚ ਵੀ ਦਾਖਲਾ ਲੈ ਲਿਆ ਸੀ। ਪਰ ਉਨਾਂ ਦੀ ਮੰਮੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਇਸ ਲਈ ਮੰਮੀ ਨੇ ਧਾਰ ਲਿਆ ਸੀ ਕਿ “ਜੋ ਮੇਰੇ ਨਾਲ ਹੋਇਆ, ਉਹ ਮੈਂ ਆਪਣੀ ਕੁੜੀ ਨਾਲ ਨਹੀਂ ਹੋਣ ਦੇਣਾ। ਮੰਮੀ ਦੀ ਜ਼ਿੱਦ ਤੇ ਸਪੋਰਟ ਨਾਲ ਸਰਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਿਊਜ਼ਿਕ ਵਿੱਚ ਮਾਸਟਰਜ਼ ਕਰਨ ਪਹੁੰਚੀ।

ਪਟਿਆਲੇ ਤੋਂ ਬਾਅਦ ਸਰਗੀ ਮੋਹਾਲੀ ਆ ਕੇ ਇੱਕ ਸਕੂਲ ਵਿੱਚ ਮਿਊਜ਼ਿਕ ਟੀਚਰ ਲੱਗ ਗਈ। ਜਦੋਂ ਕੋਵਿਡ (Covid) ਲਾਕਡਾਊਨ ਲੱਗਾ, ਤਾਂ ਘਰਦਿਆਂ ਨੇ ਕਿਹਾ ਕਿ ਪਿੰਡ ਵਾਪਸ ਆ ਜਾ, ਪਰ ਸਰਗੀ ਨੇ ਫੈਸਲਾ ਕੀਤਾ ਕਿ ਉਹ ਉੱਥੇ ਹੀ ਰਹਿ ਕੇ ਸੰਘਰਸ਼ ਕਰੇਗੀ। ਵਿਹਲੇ ਟਾਈਮ ਵਿੱਚ ਉਨਾਂ ਨੇ ਗਿਟਾਰ ਫੜੀ ਤੇ ਇੰਸਟਾਗ੍ਰਾਮ ‘ਤੇ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ। ਇੱਕ ਰਾਤ “ਜਿਸਮਾਂ ਤੋਂ ਪਾਰ ਦੀ ਗੱਲ” ਗਾਣੇ ਦੀ ਰੀਲ ਐਸੀ ਵਾਇਰਲ ਹੋਈ ਕਿ ਅਗਲੀ ਸਵੇਰ ਤੱਕ ਉਹ ਹਰ ਮੋਬਾਈਲ ਫੋਨ ਵਿੱਚ ਪਹੁੰਚ ਗਈ। ਰਾਣਾ ਰਣਬੀਰ ਤੇ ਗੁਰਸੇਵਕ ਕੁਮਾਰ ਵਰਗੇ ਵੱਡੇ ਕਲਾਕਾਰਾਂ ਨੇ ਉਨਾਂ ਨੂੰ ਮੈਸੇਜ ਕਰਕੇ ਹੌਂਸਲਾ ਦਿੱਤਾ। ਕੱਲ੍ਹ ਤੱਕ ਜੋ ਰਿਸ਼ਤੇਦਾਰ ਤਾਹਨੇ ਮਾਰਦੇ ਸੀ। ਉਹ ਅੱਜ ਮਾਣ ਨਾਲ ਕਹਿੰਦੇ ਨੇ ਕਿ ਇਹ ਸਾਡੇ ਪਿੰਡ ਦੀ ਕੁੜੀ ਹੈ।

ਸਰਗੀ ਦਾ ਇੱਕ ਬਹੁਤ ਹੀ ਮਕਬੂਲ ਗਾਣਾ ਸਤਿੰਦਰ ਨਾਲ ਆਇਆ ਸੀ “ਭੈਣ ਤੇਰੀ ਜੇ ਬਾਹਰ ਭੇਜੀਏ ਸਾਰਾ ਖਰਚਾ ਆਪਾਂ ਕਰ ਦਾਂਗੇ”, ਜਿਸ ਵਿੱਚ ਉਨਾਂ ਨੇ ਇੱਕ ਭਾਬੀ ਦਾ ਕਿਰਦਾਰ ਬਹੁਤ ਹੀ ਬਾਖੂਬੀ ਨਿਭਾਇਆ ਸੀ (ਕਿ ਮੇਰੀ ਭੈਣ ਦਾ ਹੁਸਨ ਦਿਓਰਾ ਡਾਲਰਾਂ ਦੇ ਵਿੱਚ ਰੁਲ ਜੂਗਾ)। ਸਰਗੀ ਹਮੇਸ਼ਾ ਸਾਫ਼-ਸੁਥਰੇ ਤੇ ਅਰਥ ਭਰਪੂਰ ਗਾਣੇ ਗਾਉਣਾ ਪਸੰਦ ਕਰਦੀ ਹੈ ਅਤੇ ਉਸਨੇ ਕਦੇ ਵੀ ਸਸਤੀ ਸ਼ੋਹਰਤ ਲਈ ਮਾੜੇ ਸ਼ਬਦਾਂ ਦਾ ਸਹਾਰਾ ਨਹੀਂ ਲਿਆ।

ਅਕਸਰ ਕੁੜੀਆਂ ਨੂੰ ਡਰ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਗਾਇਕੀ ਛੱਡਣੀ ਪਵੇਗੀ। ਪਰ ਸਰਗੀ ਇਸ ਮਾਮਲੇ ਵਿੱਚ ਬਹੁਤ ਖੁਸ਼ਕਿਸਮਤ ਹੈ। ਉਨਾਂ ਦੇ ਪਤੀ ਵੀ ਇਸੇ ਫੀਲਡ ਨਾਲ ਜੁੜੇ ਹੋਏ ਹਨ। ਉਹਨਾਂ ਦੇ ਸੱਸ-ਸਹੁਰਾ (ਨਾਭੇ ਰਹਿੰਦੇ ਨੇ) ਇਕੱਠੇ ਬਹਿ ਕੇ ਉਨਾਂ ਦੇ ਗੀਤ ਸੁਣਦੇ ਹਨ ਤੇ ਪੂਰੀ ਸਪੋਰਟ ਕਰਦੇ ਹਨ। ਅੱਜ ਪਤੀ-ਪਤਨੀ ਦੋਵੇਂ ਮਿਲ ਕੇ ਗੀਤਾਂ ਅਤੇ ਕੰਪੋਜ਼ੀਸ਼ਨਾਂ ਦੀ ਚੋਣ ਕਰਦੇ ਹਨ।

ਸਰਗੀ ਮਾਨ ਦੀ ਸਾਦਗੀ, ਭੋਲਾਪਣ ਅਤੇ ਕਦੇ ਨਾ ਹਾਰ ਮੰਨਣ ਵਾਲਾ ਜਜ਼ਬਾ ਸੱਚਮੁੱਚ ਸਲਾਮ ਕਰਨ ਯੋਗ ਹੈ। ਉਨਾਂ ਨੇ ਸਾਬਤ ਕਰ ਦਿੱਤਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਪ੍ਰਮਾਤਮਾ ਆਪ ਰਸਤੇ ਬਣਾ ਦਿੰਦਾ ਹੈ।

ਤੁਹਾਨੂੰ ਸਰਗੀ ਮਾਨ ਦਾ ਕਿਹੜਾ ਗੀਤ ਸਭ ਤੋਂ ਵਧੀਆ ਲੱਗਦਾ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਪ੍ਰੇਰਣਾਦਾਇਕ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰਨਾਂ ਧੀਆਂ ਨੂੰ ਵੀ ਹੌਂਸਲਾ ਮਿਲ ਸਕੇ।

CATEGORIES
Share This

COMMENTS

Wordpress (0)
Disqus ( )
Translate