ਖੇਤੀ ਵਿਭਿੰਨਤਾ ਦੇ ਸੁਨੇਹੇ ਨਾਲ PAU ਦਾ ਦੋ ਰੋਜ਼ਾ ਕਿਸਾਨ ਮੇਲਾ ਆਰੰਭ ਹੋਇਆ,ਮੁੱਖ ਮੰਤਰੀ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਖੇਤੀ ਨੂੰ ਉੱਤਮ ਕਿੱਤਾ ਬਨਾਉਣ ਲਈ ਨਿਰੰਤਰ ਯਤਨਸ਼ੀਲ ਰਹੇਗੀ: ਭਗਵੰਤ ਮਾਨ

ਲੁਧਿਆਣਾ 20 ਮਾਰਚ। ਪੀ.ਏ.ਯੂ. ਦੇ ਡਾ.ਅਮਰਜੀਤ ਸਿੰਘ ਖਹਿਰ ਓਪਨ ਏਅਰ ਥੀਏਟਰ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਅੱਜ ਭਰਪੂਰ ਜੋਸ਼ ਅਤੇ ਉਤਸ਼ਾਹ ਨਾਲ ਆਰੰਭ ਹੋ ਗਿਆ। ਉਦਘਾਟਨੀ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਮੁੱਖ ਮੰਤਰੀ ਨੇ ਵਿਸ਼ੇਸ਼ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਅਗਾਂਹਵਧੂ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਨਾਲ ਹੀ ਸ਼੍ਰੀ ਕੇ ਏ ਪੀ ਸਿਨਹਾ, ਮੁੱਖ ਸਕੱਤਰ ਪੰਜਾਬ, ਸ. ਅਰਸ਼ਪ੍ਰੀਤ ਸਿੰਘ ਥਿੰਦ ਵਧੀਕ ਸਕੱਤਰ ਖੇਤੀਬਾੜੀ ਪੰਜਾਬ, ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ, ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਗੁਰਜੀਤ ਬਰਾੜ, ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਇੰਜ: ਅਮਰਜੀਤ ਸਿੰਘ ਢਿੱਲੋਂ, ਡਾ. ਦਵਿੰਦਰ ਸਿੰਘ ਚੀਮਾ ਤੋਂ ਇਲਾਵਾ ਲੁਧਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ, ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂੰ ਜੈਨ, ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀ ਅਤੇ ਕਿਸਾਨੀ ਸੰਬੰਧੀ ਭਾਵੁਕ ਗੱਲਬਾਤ ਕੀਤੀ। ਉਨਾਂ ਕਿਹਾ ਕਿ ਪੀ.ਏ.ਯੂ. ਪੰਜਾਬ ਦੀ ਕਿਸਾਨੀ ਦੀ ਆਨ, ਬਾਨ ਅਤੇ ਸ਼ਾਨ ਹੈ ਅਤੇ ਪੀ.ਏ.ਯੂ. ਦੇ ਕਿਸਾਨ ਮੇਲੇ ਕਿਸਾਨੀ ਦੇ ਰਾਹ ਦਸੇਰੇ ਹਨ। ਉਹਨਾਂ ਬੀਤੇ ਸਮੇਂ ਵਿਚ ਮੇਲਿਆਂ ਵਿਚ ਆਉਣ ਦੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਪੀ.ਏ.ਯੂ. ਉਹਨਾਂ ਲਈ ਕੋਈ ਓਪਰੀ ਜਗ੍ਹਾ ਨਹੀਂ। ਮੁੱਖ ਮੰਤਰੀ ਨੇ ਮੌਜੂਦਾ ਖੇਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਖੇਤੀ ਦੇ ਤਰੀਕੇ ਬਦਲ ਗਏ ਹਨ| ਖੇਤੀ ਵਿਗਿਆਨਕ ਹੋਈ ਹੈ। ਬਿਜਾਈ ਅਤੇ ਸਿੰਚਾਈ ਤੋਂ ਲੈ ਕੇ ਪੌਦ ਸੁਰੱਖਿਆ ਅਤੇ ਵਢਾਈ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ ਅਤੇ ਖੇਤੀ ਵਿਚ ਬਦਲਾਅ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ| ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਵਿਚ ਏ ਆਈ ਤਕਨੀਕਾਂ ਸ਼ਾਮਿਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਅਤੇ ਇਸ ਸੰਬੰਧੀ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਸਰਕਾਰ ਹਰ ਸੰਭਵ ਸਹਿਯੋਗ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਅਤੇ ਖੇਤੀ ਦੀ ਬਿਹਤਰੀ ਲਈ ਉਹਨਾਂ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ। ਖੇਤੀ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਨਿਸ਼ ਖੇਤਰਾਂ ਦੀ ਪਛਾਣ ਕਰਕੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਜਪਾਨ ਦੀ ਕੰਪਨੀ ਜ਼ਾਇਕਾ ਵਰਗੀਆਂ ਹੋਰ ਕੰਪਨੀਆਂ ਨਾਲ ਸਹਿਯੋਗ ਕਰਕੇ ਇਸ ਸੰਬੰਧੀ ਉਦਯੋਗ ਵੀ ਲਾਏ ਜਾਣਗੇ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਕਰਦਿਆਂ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਹੋਇਆ ਹੈ ਜਿਨ੍ਹਾਂ ਦੀ ਮੁੜ ਸੁਰਜੀਤੀ ਲਈ ਸਰਕਾਰ ਵੱਲੋਂ ਢੁਕਵੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਰਿਆਈ ਪਾਣੀਆਂ ਦੀ ਵਰਤੋਂ ਵਧਾਉਣ ਲਈ ਨਹਿਰਾਂ ਅਤੇ ਖਾਲਿਆਂ ਨੂੰ ਹੋਰ ਸੁਚਾਰੂ ਬਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਕਰਨ ਵਿਚ ਸਫਲ ਹੋਵਾਂਗੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਭਾਸ਼ਣ ਵਿਚ ਪੀ.ਏ.ਯੂ. ਵੱਲੋਂ ਆਪਣੀ ਸਥਾਪਨਾ ਤੋਂ ਲੈ ਕੇ ਸੂਬੇ ਦੀ ਕਿਸਾਨੀ ਦੀ ਤਰੱਕੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਨਵੀਆਂ ਕਿਸਮਾਂ, ਨਵੀਆਂ ਉਤਪਾਦਨ ਤਕਨੀਕਾਂ ਅਤੇ ਨਵੇਂ ਮੌਕਿਆਂ ਨਾਲ ਕਿਸਾਨਾਂ ਨੂੰ ਵਿਗਿਆਨਕ ਖੇਤੀ ਵੱਲ ਤੋਰਿਆ ਹੈ, ਯੂਨੀਵਰਸਿਟੀ ਨਾਲ ਜੁੜਨ ਵਾਲੇ ਕਿਸਾਨ ਸਮੇਂ ਦੇ ਹਾਣੀ ਬਣੇ ਹਨ ਅਤੇ ਉਹਨਾਂ ਦੇ ਗਿਆਨ ਅਤੇ ਜਾਣਕਾਰੀ ਵਿਚ ਵਾਧਾ ਹੋਇਆ। ਉਹਨਾਂ ਕਿਹਾ ਕਿ ਫਸਲ ਉਤਪਾਦਨ ਦੇ ਨਾਲ-ਨਾਲ ਸਹਾਇਕ ਕਿੱਤਿਆਂ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਲਈ ਕਿਸਾਨਾਂ ਨੂੰ ਮੁਰਗੀ ਪਾਲਣ, ਪਸ਼ੂ ਪਾਲਣ ਦੇ ਨਾਲ-ਨਾਲ ਸੂਰ ਅਤੇ ਬੱਕਰੀ ਪਾਲਣ ਆਦਿ ਨਾਲ ਵੀ ਜੁੜਨਾ ਪਵੇਗਾ ਤਾਂ ਜੋ ਨਿਰੰਤਰ ਆਮਦਨ ਦੇ ਮੌਕੇ ਪੈਦਾ ਕੀਤੇ ਜਾ ਸਕਣ। ਪੀ.ਏ.ਯੂ. ਦੀ ਸੰਭਾਲ ਨੂੰ ਸਰਕਾਰਾਂ ਦਾ ਮੁੱਖ ਫਰਜ਼ ਮੰਨਦਿਆਂ ਸ. ਖੁੱਡੀਆਂ ਨੇ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਮਾਇਕ ਇਮਦਾਦ ਨਾਲ ਖੇਤੀ ਖੋਜ, ਅਧਿਆਪਨ, ਪਸਾਰ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਆਸ ਪ੍ਰਗਟਾਈ।
ਪੀ.ਏ.ਯੂ. ਵੱਲੋਂ ਲਾਏ ਜਾਂਦੇ ਕਿਸਾਨ ਮੇਲਿਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਸ. ਖੁੱਡੀਆਂ ਨੇ ਮੌਜੂਦਾ ਕਿਸਾਨੀ ਨੂੰ ਰਵਾਇਤੀ ਕਣਕ-ਝੋਨੇ ਤੋਂ ਇਲਾਵਾ ਬਾਗਬਾਨੀ, ਦਾਲਾਂ, ਮੱਕੀ ਅਤੇ ਹੋਰ ਵਿਭਿੰਨਤਾ ਵਾਲੇ ਤਰੀਕੇ ਅਪਨਾਉਣ ਦਾ ਸੱਦਾ ਦਿੱਤਾ| ਉਹਨਾਂ ਸਰਕਾਰ ਵੱਲੋਂ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਵਾਸਤੇ ਦਿੱਤੇ ਜਾਂਦੇ ਸਹਿਯੋਗ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਦੱਸਿਆ ਕਿ ਪੀ.ਏ.ਯੂ. ਨੂੰ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਨਿਫ ਰੇਟਿੰਗ ਅਨੁਸਾਰ ਦੇਸ਼ ਦੀਆਂ 75 ਯੂਨੀਵਰਸਿਟੀਆਂ ਵਿਚੋਂ ਸਰਵੋਤਮ ਐਲਾਨਿਆ ਗਿਆ ਹੈ ਅਤੇ ਇਸਦਾ ਸਿਹਰਾ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਸਾਂਝ ਅਤੇ ਮਿਹਨਤ ਦੇ ਸਿਰ ਬੱਝਦਾ ਹੈ। ਉਹਨਾਂ ਕਿਹਾ ਕਿ ਮੇਲੇ ਦਾ ਉਦੇਸ਼ ‘ਖੇਤੀ ਵਿਭਿੰਨਤਾ ਅਪਨਾਓ, ਵੱਡਮੁੱਲਾ ਵਾਤਾਵਰਨ ਬਚਾਓ’ ਰੱਖਿਆ ਗਿਆ ਹੈ| ਉਹਨਾਂ ਪੀ.ਏ.ਯੂ. ਵੱਲੋਂ ਖੇਤੀ ਵਿਭਿੰਨਤਾ ਲਈ ਗੰਨਾ ਅਤੇ ਆਲੂਆਂ ਦੀਆਂ ਨਵੀਆਂ ਕਿਸਮਾਂ ਦਾ ਹਵਾਲਾ ਦਿੱਤਾ। ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਮੌਜੂਦਾ ਯੁੱਗ ਦੀਆਂ ਲੋੜਾਂ ਅਨੁਸਾਰ ਖੇਤੀ ਦੇ ਡਿਜ਼ੀਟਲੀਕਰਨ ਲਈ ਖਾਸ ਤੌਰ ਤੇ ਖੋਜ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤੀ ਮਾਇਕ ਇਮਦਾਦ ਵਾਸਤੇ ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਨਵੀਨਤਮ ਖੇਤੀ ਤਕਨਾਲੋਜੀਆਂ ਦੀ ਪਰਖ ਕਰਕੇ ਉਹਨਾਂ ਨੂੰ ਪੰਜਾਬ ਦੀ ਕਿਸਾਨੀ ਤੱਕ ਪਹੁੰਚਾਏਗੀ।
ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਕਿਸਾਨ ਮੇਲੇ ਨੂੰ ਗਿਆਨ ਵਿਗਿਆਨ ਦਾ ਮੇਲਾ ਦਸਦਿਆਂ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਖੇਤ ਵਿਗਿਆਨੀਆਂ ਵੱਲੋਂ ਹੁਣ ਤੱਕ 991 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ ਹਨ ਜਿਨਾਂ ਵਿੱਚੋਂ ਲਗਭਗ 250 ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਾਸਤ ਕਰਨ ਲਈ ਵੀ ਹੋਈ ਹੈ। ਉਨਾਂ ਨੇ ਝੋਨੇ ਦੀ 28-29 ਕੁਇੰਟਲ/ਏਕੜ ਝਾੜ ਦੇਣ ਵਾਲੀ ਨਵੀਂ ਕਿਸਮ ਪੀ ਆਰ 133, ਕਪਾਹ ਦਾ 11 ਕੁਇੰਟਲ/ਏਕੜ ਝਾੜ ਦੇਣ ਵਾਲੀ ਦੇਸੀ ਕਿਸਮ ਪੀ ਬੀ ਡੀ 88 ਅਤੇ ਮੱਕੀ ਦਾ 25 ਕੁਇੰਟਲ/ਏਕੜ ਝਾੜ ਦੇਣ ਵਾਲੀ ਕਿਸਮ ਐਨ ਕੇ 7328 ਤੋਂ ਇਲਾਵਾ ਸਬਜ਼ੀਆਂ ਦੀਆਂ ਫਸਲਾਂ ਦੀਆਂ ਕਿਸਮਾਂ ਵਿੱਚ ਖਰਬੂਜ਼ੇ ਦੀ ਹਾਈਬ੍ਰਿਡ ਕਿਸਮ ਐਮ ਐਚ 56, ਪੌਲੀ ਨੈੱਟ ਹਾਊਸ ਵਿੱਚ ਬੈਂਗਣ ਦੀ ਹਾਈਬ੍ਰਿਡ ਕਿਸਮ-7, ਕਾਲੀ ਤੋਰੀ ਪੀ ਐਚ 1 ਅਤੇ ਪੀ ਐਚ 2, ਘੀਆ ਤੋਰੀ 5 ਅਤੇ 18, ਮਟਰ ਅਗੇਤਾ 8 ਅਤੇ ਪੰਜਾਬ 90 ਦੇ ਨਾਲ-ਨਾਲ ਫਲਾਂ ਦੀਆਂ ਕਿਸਮਾਂ ਵਿੱਚ ਪੰਜਾਬ ਆੜੂ 1 ਅਤੇ ਪੰਜਾਬ ਆੜੂ 2, ਪੰਜਾਬ ਨੈਕਟ੍ਰਿਕਨ-2 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੌਦ ਸੁਰੱਖਿਆ ਵਿੱਚ ਯੂਨੀਵਰਸਿਟੀ ਦੀਆਂ 23 ਸਿਫਾਰਸਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਕਿਹਾ ਕਿ ਪਾਣੀ ਸਾਡਾ ਵੱਡਮੁੱਲਾ ਸਰਮਾਇਆ ਹੈ ਅਤੇ ਇਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਚਾਅ ਕੇ ਰੱਖਣਾ ਸਾਡੀ ਮੁਢਲੀ ਜ਼ਿੰਮੇਵਾਰੀ ਹੈ। ਫਸਲਾਂ ਦੀ ਰਹਿੰਦ ਖੂੰਹਦ ਦੀ ਉਚਿਤ ਸਾਂਭ ਸੰਭਾਲ ਅਤੇ ਖੇਤੀ ਰਸਾਇਣਾਂ ਦੀ ਯੂਨੀਵਰਸਿਟੀ ਸਿਫਾਰਸ਼ਾਂ ਮੁਤਾਬਿਕ ਵਰਤੋਂ ਕਰਨ ਦੀ ਤਾਕੀਦ ਕਰਦਿਆਂ ਉਨਾਂ ਨੇ ਕਿਸਾਨਾਂ ਨਾਲ ਵਾਤਾਵਰਣ ਪੱਖੀ ਤਕਨੀਕਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਯਾਦ ਚਿੰਨ੍ਹ ਭੇਂਟ ਕੀਤੇ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੀ ਕਿਸਾਨੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਜੇਤੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਨਾਂ ਵਿਚ ਪਿੰਡ ਮਨੈਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ. ਲਖਵਿੰਦਰ ਸਿੰਘ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ, ਜ਼ਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਸੈਣੀ ਦੇ ਸ. ਜਸਵੰਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ, ਪਿੰਡ ਬਿਰੜਵਾਲ ਜ਼ਿਲ੍ਹਾ ਪਟਿਆਲਾ ਦੇ ਸ. ਕਮਲਜੀਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ, ਪਿੰਡ ਚੱਕ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ. ਸੰਦੀਪ ਸਿੰਘ ਨੂੰ ਸੀ ਆਰ ਆਈ ਪੰਪਸ ਪੁਰਸਕਾਰ ਨਾਲ, ਪਿੰਡ ਬੀਰਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ. ਸੁਰਜੀਤ ਸਿੰਘ ਬਿੰਬ ਨੂੰ ਸੀ ਆਰ ਆਈ ਪੰਪਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ.ਮੱਖਣ ਸਿੰਘ ਭੁੱਲਰ ਨੇ ਕਿਸਾਨ ਮੇਲੇ ਵਿਚ ਹਿੱਸਾ ਲੈ ਰਹੇ ਪਤਵੰਤਿਆਂ, ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ।
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਵਿਰਕ ਨੇ ਕੀਤਾ। ਪ੍ਰਧਾਨਗੀ ਮੰਡਲ ਨੇ ਪੀ.ਏ.ਯੂ. ਦਾ ਖੇਤੀ ਸਾਹਿਤ ਲੋਕ ਅਰਪਿਤ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ, ਨਿੱਜੀ ਮਸ਼ੀਨਰੀ ਕੰਪਨੀਆਂ ਅਤੇ ਸਵੈ ਸੇਵੀ ਸੰਗਠਨਾਂ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਸਨ। ਕਿਸਾਨਾਂ ਨੇ ਖੇਤੀ ਨਾਲ ਸੰਬੰਧਿਤ ਸਵਾਲ ਮਾਹਿਰਾਂ ਕੋਲੋਂ ਪੁੱਛੇ।

CATEGORIES
Share This

COMMENTS

Wordpress (0)
Disqus ( )
Translate