ਸੰਸਦ ਮੈਂਬਰ ਮੀਤ ਹੇਅਰ ਨੇ ਲੋਕ ਸਭਾ ਵਿੱਚ ਚੁੱਕੇ ਪੰਜਾਬ ਅਤੇ ਆਮ ਲੋਕਾਂ ਦੇ ਰੇਲਵੇ ਨਾਲ ਜੁੜੇ ਅਹਿਮ ਮੁੱਦੇ
ਬਜ਼ੁਰਗਾਂ, ਵਿਦਿਆਰਥੀਆਂ, ਮਰੀਜ਼ਾਂ ਦੀ ਰੇਲ ਕਿਰਾਏ ਵਿੱਚ ਛੋਟ ਬਹਾਲ ਕਰਨ ਅਤੇ ਨਾਨ-ਏਸੀ ਰੇਲਾਂ ਵਧਾਉਣ ਦੀ ਕੀਤੀ ਜ਼ੋਰਦਾਰ ਮੰਗ
ਤਪਾ ਮੰਡੀ ਸਟੇਸ਼ਨ ‘ਤੇ ਬੰਦ ਕੀਤੇ ਗਏ ਰੇਲਾਂ ਦੇ ਠਹਿਰਾਅ ਨੂੰ ਮੁੜ ਬਹਾਲ ਕਰਨ ਦੀ ਮੰਗ
ਸੇਖਾ ਫਾਟਕ ਅਤੇ ਖੁੱਡੀ ਰੋਡ ਤੋਂ ਹੰਡਿਆਇਆ ਰੋਡ ਦੇ ਵਿਚਕਾਰਲੇ ਫਾਟਕ ‘ਤੇ ਅੰਡਰਬ੍ਰਿਜ ਬਣਾਉਣ ਦੀ ਮੰਗ ਰੱਖੀ
ਬਰਨਾਲਾ, 17 ਮਾਰਚ। ਲੋਕ ਸਭਾ ਮੈਂਬਰ ਸੰਗਰੂਰ ਸ.ਗੁਰਮੀਤ ਸਿੰਘ ਮੀਤ ਹੇਅਰ ਨੇ ਸਦਨ ਵਿੱਚ ਰੇਲਵੇ ਮੰਤਰਾਲੇ ਦੀਆਂ ਗ੍ਰਾਂਟਾਂ ਦੀਆਂ ਮੰਗਾਂ ‘ਤੇ ਬਹਿਸ ਦੌਰਾਨ ਹਿੱਸਾ ਲੈਂਦਿਆਂ ਦੇਸ਼ ਦੇ ਆਮ ਨਾਗਰਿਕਾਂ ਅਤੇ ਖਾਸ ਕਰਕੇ ਪੰਜਾਬ ਅਤੇ ਸੰਗਰੂਰ ਲੋਕ ਸਭਾ ਹਲਕੇ ਨਾਲ ਜੁੜੇ ਅਹਿਮ ਮੁੱਦੇ ਚੁੱਕੇ।
ਆਪਣੇ ਸੰਬੋਧਨ ਵਿੱਚ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਨਾਨ-ਏਸੀ (ਆਮ) ਟਰੇਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਰੋਜ਼ਾਨਾ 2 ਕਰੋੜ ਤੋਂ ਵੱਧ ਲੋਕ ਰੇਲਾਂ ਵਿੱਚ ਸਫਰ ਕਰਦੇ ਹਨ ਅਤੇ ਲੱਖਾਂ ਲੋਕਾਂ ਨੂੰ ਵੇਟਿੰਗ ਲਿਸਟ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 97% ਆਬਾਦੀ ਆਮ (ਨਾਨ-ਏਸੀ) ਰੇਲਾਂ ਵਿੱਚ ਸਫਰ ਕਰਦੀ ਹੈ ਅਤੇ ਸਿਰਫ਼ 3% ਲੋਕ ਹੀ ਮਹਿੰਗੀਆਂ ਏਸੀ ਜਾਂ ਵੰਦੇ ਭਾਰਤ ਟਰੇਨਾਂ ਵਿੱਚ ਸਫ਼ਰ ਕਰਦੇ ਹਨ। ਇਸ ਲਈ ਆਮ ਲੋਕਾਂ ਦੀ ਸਹੂਲਤ ਲਈ ਨਾਨ-ਏਸੀ ਰੇਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਮੌਜੂਦਾ ਸਮੇਂ 18,000 ਦੀ ਬਜਾਏ ਸਿਰਫ਼ 13,000 ਯਾਤਰੀ ਰੇਲਾਂ ਹੀ ਚੱਲ ਰਹੀਆਂ ਹਨ।
ਮੀਤ ਹੇਅਰ ਨੇ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਦੌਰਾਨ ਸੀਨੀਅਰ ਸਿਟੀਜ਼ਨਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਮਰੀਜ਼ਾਂ ਲਈ ਰੇਲ ਕਿਰਾਏ ਵਿੱਚ ਦਿੱਤੀ ਜਾਂਦੀ ਛੋਟ ਬੰਦ ਕਰ ਦਿੱਤੀ ਗਈ ਸੀ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਪੈਂਡਿੰਗ ਕੰਮਾਂ ਬਾਰੇ ਉਨ੍ਹਾਂ ਦੱਸਿਆ ਕਿ ਸੰਗਰੂਰ, ਸੁਨਾਮ ਤੇ ਧੂਰੀ ਸਟੇਸ਼ਨਾਂ ਨੂੰ ਇਸ ਸਕੀਮ ਤਹਿਤ ਚੁਣਿਆ ਗਿਆ ਸੀ, ਪਰ ਇੱਥੇ ਅਜੇ ਵੀ ਕੰਮ ਪੈਂਡਿੰਗ ਪਿਆ ਹੈ।
ਉਨ੍ਹਾਂ ਅਹਿਮ ਮੁੱਦਾ ਚੁੱਕਿਆ ਕਿ ਪਿਛਲੇ 7 ਮਹੀਨਿਆਂ ਤੋਂ ਧੂਰੀ ਵਿਖੇ ਕੋਈ ਸਪੈਸ਼ਲ ਮਾਲ ਗੱਡੀ ਨਹੀਂ ਲੱਗੀ, ਜਿਸ ਕਾਰਨ ਧੂਰੀ, ਬਰਨਾਲਾ ਅਤੇ ਸੰਗਰੂਰ ਦੇ ਸ਼ੈਲਰ ਪੂਰੀ ਤਰ੍ਹਾਂ ਭਰ ਚੁੱਕੇ ਹਨ। ਆਉਣ ਵਾਲੇ ਸੀਜ਼ਨ ਵਿੱਚ ਨਵੀਂ ਫਸਲ ਰੱਖਣ ਲਈ ਜਗ੍ਹਾ ਨਹੀਂ ਹੈ, ਇਸ ਲਈ ਇਸਦਾ ਬਦਲਵਾਂ ਪ੍ਰਬੰਧ ਜਲਦ ਕੀਤਾ ਜਾਵੇ।
ਕੋਵਿਡ ਦੌਰਾਨ ਤਪਾ ਮੰਡੀ ਸਟੇਸ਼ਨ ‘ਤੇ ਬੰਦ ਕੀਤੇ ਗਏ ਟਰੇਨਾਂ ਦੇ ਠਹਿਰਾਅ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਵਿੱਚ ਨਾਂਦੇੜ ਸਾਹਿਬ ਵਾਲੀ ਟਰੇਨ, ਰਿਸ਼ੀਕੇਸ਼ ਵਾਲੀ ਟਰੇਨ ਅਤੇ ਦਿੱਲੀ ਵਾਲੀ ਟਰੇਨ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਗੰਗਾਨਗਰ ਤੋਂ ਰਿਸ਼ੀਕੇਸ਼ ਜਾਣ ਵਾਲੀ ਇੰਟਰਸਿਟੀ ਟਰੇਨ ਵਿੱਚ ਬਜ਼ੁਰਗ ਵੱਡੀ ਗਿਣਤੀ ਵਿੱਚ ਸਫਰ ਕਰਦੇ ਹਨ, ਇਸ ਲਈ ਇਸ ਵਿੱਚ ਘੱਟੋ-ਘੱਟ 5 ਵਾਧੂ ਜਨਰਲ ਕੋਚ ਅਤੇ 1 ਏਸੀ ਚੇਅਰ ਕਾਰ ਦਾ ਵਾਧਾ ਕੀਤਾ ਜਾਵੇ। ਓਹਨਾਂ ਬਰਨਾਲਾ ਸ਼ਹਿਰ ਦੇ ਅੰਦਰ ਸੇਖਾ ਫਾਟਕ ਅਤੇ ਖੁੱਡੀ ਰੋਡ ਤੋਂ ਹੰਡਿਆਇਆ ਰੋਡ ਦੇ ਵਿਚਕਾਰਲੇ ਫਾਟਕ ‘ਤੇ ਅੰਡਰਬ੍ਰਿਜ ਬਣਾਉਣ ਦੀ ਮੰਗ ਰੱਖੀ ਗਈ।


