ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ

10 ਦਿਨਾਂ ‘ਚ 4 ਲੱਖ ਦੇ ਕਰੀਬ ਲੋਕਾਂ ਨੇ ਮੇਲੇ ਦਾ ਮਾਣਿਆ ਆਨੰਦ-ਸਟਾਲਾਂ ‘ਤੇ ਵਿੱਕਰੀ ਹੋਈ 6.60 ਕਰੋੜ

ਬਲਤੇਜ ਪੰਨੂ, ਕੁੰਦਨ ਗੋਗੀਆ, ਹਰਪਾਲ ਜੁਨੇਜਾ ਨੇ ਸਮਾਪਤੀ ਸਮਾਰੋਹ ਮੌਕੇ ਗਾਇਕ ਆਰ ਨੇਤ ਤੇ ਕਰਾਫਟ ਮੇਲੇ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲਿਆਂ ਦਾ ਕੀਤਾ ਸਨਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਮਹਿਲਾ ਸ਼ਸ਼ਕਤੀਕਰਨ ਤੇ ਮਹਿਲਾ ਉਦਮੀਆਂ ਨੂੰ ਉਤਸ਼ਾਹਤ ਕੀਤਾ- ਬਲਤੇਜ ਪੰਨੂ

 ਪਟਿਆਲਵੀਆਂ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੈਲਾਨੀਆਂ ਨੇ ਮੇਲੇ ‘ਚ ਕੀਤੀ ਖ਼ਰੀਦੋ-ਫ਼ਰੋਖ਼ਤ

 ਹੱਥੀਂ ਬਣੀਆਂ ਵਸਤਾਂ ਦੀ ਖ਼ੂਬ ਖ਼ਰੀਦੋ-ਫ਼ਰੋਖ਼ਤ ਨੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰ ਤੇ ਦਸਤਕਾਰ ਕੀਤੇ ਬਾਗੋ ਬਾਗ

ਪਟਿਆਲਾ, 3 ਮਾਰਚ

ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ ਚੱਲ ਰਿਹਾ ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ ਬੀਤੀ ਰਾਤ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਬਲਤੇਜ ਪੰਨੂ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਰਣਜੀਤਾ ਪੰਨੂ, ਵਿਧਾਇਕ ਕੋਹਲੀ ਦੇ ਧਰਮ ਪਤਨੀ ਸਿਮਰਤ ਕੌਰ ਕੋਹਲੀ, ਐਸ ਡੀ ਐਮ ਨਮਨ ਮਾਰਕੰਨ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਇਸ ਮੇਲੇ ਦੀ ਸਫਲਤਾ ਲਈ ਸਹਿਯੋਗ ਕਰਨ ਵਾਲਿਆਂ ਸਮੇਤ ਗਾਇਕ ਆਰ ਨੇਤ ਦਾ ਸਨਮਾਨ ਕੀਤਾ। ਇਸ ਆਖਰੀ ਸ਼ਾਮ ਵੇਲੇ ਪੰਜਾਬੀ ਗਾਇਕ ਆਰ ਨੇਤ ਦੀ ਗਾਇਕੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵਣਜ ਤੇ ਉਦਯੋਗ ਵਿਭਾਗ, ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਇਸ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਨੇ ਦੇਸ਼-ਵਿਦੇਸ਼ ਦੇ ਦਸਤਕਾਰਾਂ ਤੇ ਸ਼ਿਲਪਕਾਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ ਫੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ, ਮੁਰੱਬੇ ਤੇ ਖਾਣ ਪੀਣ ਸਮੇਤ ਹੋਰ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਇਸ ਵਾਰ ਮਹਿਲਾ ਸ਼ਸ਼ਕਤੀ ਕਰਨ ਅਤੇ ਮਹਿਲਾ ਉਦਮੀਆਂ ਨੂੰ ਉਤਸ਼ਾਹਤ ਕਰਨ ਲਈ ਪਟਿਆਲਾ ਸ਼ਹਿਰ ਵਿੱਚ ਪੰਜਾਬ ਸਖੀ ਸ਼ਕਤੀ ਕਰਾਫਟ ਲਗਾਇਆ ਗਿਆ ਸੀ। ਉਨ੍ਹਾਂ ਨੇ ਇਸ ਦੀ ਸਫਲਤਾ ਲਈ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਦਮਨਜੀਤ ਸਿੰਘ ਮਾਨ, ਨਮਨ ਮਾਰਕਨ ਸਮੇਤ ਉਨ੍ਹਾਂ ਦੀ ਸਮੁੱਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਅਤੇ ਦੂਰ-ਦੁਰਾਡੇ ਤੋਂ ਮੇਲਾ ਦੇਖਣ ਆਏ ਸੈਲਾਨੀਆਂ ਨੇ ਇਸ ਮੇਲੇ ਵਿੱਚ ਕਾਫ਼ੀ ਦਿਲਚਸਪੀ ਦਿਖਾਉਂਦੇ ਹੋਏ ਖੂਬ ਖ਼ਰੀਦੋ-ਫ਼ਰੋਖ਼ਤ ਕੀਤੀ ਜਿਸ ਤੋਂ ਦਸਤਕਾਰ ਅਤੇ ਸਟਾਲਾਂ ਲਗਾਉਣ ਵਾਲੇ ਸੰਤੁਸ਼ਟ ਹੋਕੇ ਵਾਪਸ ਜਾ ਰਹੇ ਹਨ।


  ਏ ਡੀ ਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮੇਲੇ ਨੇ ਪਟਿਆਲਾ ਵਾਸੀਆਂ ਨੂੰ ਜਿਥੇ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ, ਉਥੇ ਹੀ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵੱਲੋਂ ਬਣਾਏ ਸਮਾਨ ਦੀ ਵਿਕਰੀ ਦਾ ਵੀ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਥਾਈਲੈਂਡ ਸਮੇਤ ਅਫ਼ਗਾਨਿਸਤਾਨ ਦੀਆਂ ਸਟਾਲਾਂ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ। ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੇ ਪਹੁੰਚਕੇ ਇਸ ਕਰਾਫਟ ਮੇਲੇ ਦਾ ਆਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 4 ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ। ਉਥੇ ਹੀ ਕਰੀਬ 6.60 ਕਰੋੜ ਰੁਪਏ ਦੇ ਸਾਜੋ ਸਮਾਨ ਦੀ ਵਿੱਕਰੀ ਨੇਦਸਤਕਾਰਾਂ ਨੂੰ ਬਾਗੋ-ਬਾਗ ਕਰ ਦਿੱਤਾ ਹੈ। ਇਸ ਮੌਕੇ ਸਮਾਪਤੀ ਸਮਾਰੋਹ ਸਵੈ ਸਹਾਇਤਾ ਗਰੁੱਪਾਂ ਵਿੱਚੋਂ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਗਰੁੱਪਾਂ ਨੂੰ ਸਨਮਾਨਿਤ ਕੀਤਾ।ਪਹਿਲੇ ਨੰਬਰ ‘ਤੇ ਪਟਿਆਲਾ ਕਿੰਗ ਅਜੀਵਿਕਾ ਸਵੈ ਸਹਾਇਤਾ ਗਰੁੱਪ ਦੀ ਹਰਪ੍ਰੀਤ ਕੌਰ ਰਹੀ।ਜਦਕਿ ਦਸਤਕਾਰਾਂ ਚ ਪਹਿਲੇ ਸਥਾਨ ਉਪਰ ਸਜਾਦ ਅਹਿਮਦ ਭੱਟ ਰਹੇ, ਜਿਨ੍ਹਾਂ ਨੇ ਕਸ਼ਮੀਰੀ ਸੂਟਾਂ ਦੀ 16.85 ਲੱਖ ਰੁਪਏ ਦੀ ਵਿੱਕਰੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਐਸ.ਪੀ. ਵਰੁਣ ਸ਼ਰਮਾ, ਐਸਪੀ  ਸਿਟੀ ਪਲਵਿੰਦਰ ਸਿੰਘ ਚੀਮਾ, ਐਸਡੀਐਮਜ ਨਮਨ ਮਾਰਕੰਨ, ਰਿਚਾ ਗੋਇਲ, ਹਰਜੋਤ ਕੌਰ, ਏਐਮਡੀ ਨਵਦੀਪ ਕੁਮਾਰ, ਐਨ.ਜੈਡ.ਸੀ.ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਨਗਰ ਨਿਗਮ, ਬਿਜਲੀ, ਸਿੱਖਿਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਰਾਫ਼ਟ ਮੇਲੇ ਨੂੰ ਸਫਲ ਬਨਾਉਣ ਲਈ ਪਟਿਆਲਾ ਵਾਸੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੇਲੇ ਨੂੰ ਸਫਲ ਬਨਾਉਣ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਮੇਲੇ ਦੌਰਾਨ ਵਲੰਟੀਅਰਜ਼ ਦੁਆਰਾ ਦਿੱਤੀ ਡਿਊਟੀ ਦੀ ਸਰਾਹਨਾ ਕੀਤੀ ਅਤੇ ਆਈ.ਟੀ.ਆਈ ਲੜਕੇ ਅਤੇ ਲੜਕੀਆਂ ਅਤੇ ਪਾਵਰ ਹਾਊਸ ਯੂਥ ਕਲੱਬ ਨਾਲ-ਨਾਲ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਕਰਾਫ਼ਟ ਮੇਲੇ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਈਓ ਅਮਨਦੀਪ ਕੌਰ, ਡੀ.ਐਸ.ਐਸ.ਓ ਜੋਬਨਦੀਪ ਕੌਰ ਚੀਮਾ, ਪ੍ਰਾਜੈਕਟ ਅਫ਼ਸਰ ਰੀਨਾ ਰਾਣੀ, ਡੀਪੀਓ ਪਰਦੀਪ ਗਿੱਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਤੇ ਰੂਪਵੰਤ ਕੌਰ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਧਾਲੀਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate