ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ ਚਾਰ ਰੋਜ਼ਾ ਪੈਦਲ ਯਾਤਰਾ ਦਾ ਤਰਨ ਤਾਰਨ ਤੋਂ ਕੀਤਾ ਆਗਾਜ਼
ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕ ਕੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਗੇੜ ਦੀ ਕੀਤੀ ਸ਼ੁਰੂਆਤ
ਨਸ਼ਿਆਂ ਵਿਰੁੱਧ ਵਿਸ਼ਾਲ ਪੈਦਲ ਯਾਤਰਾ ਦੀ ਖ਼ੁਦ ਕੀਤੀ ਅਗਵਾਈ
ਪੰਜਾਬ ਨੂੰ ਮੁੜ ਰੰਗਲਾ ਅਤੇ ਨਸ਼ਾ ਮੁਕਤ ਬਣਾਉਣ ਦਾ ਦਿੱਤਾ ਸੱਦਾ
ਸੂਬੇ ਭਰ ‘ਚੋਂ ਹਜ਼ਾਰਾਂ ਵਿਦਿਆਰਥੀਆਂ, ਐਨ. ਜੀ. ਓਜ਼ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਤਰਨਤਾਰਨ 9 ਫਰਵਰੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਤੀਬਰ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਦੂਜੇ ਗੇੜ ਤਹਿਤ ਅੱਜ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ ਯਾਤਰਾ ਦਾ ਤਰਨ ਤਾਰਨ ਤੋਂ ਆਗਾਜ਼ ਕੀਤਾ। ਪੈਦਲ ਯਾਤਰਾ ਤੋਂ ਪਹਿਲਾਂ ਉਨ੍ਹਾਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਤੋਂ ਪੁਲਿਸ ਲਾਈਨ ਤਰਨ ਤਾਰਨ ਤੱਕ ਆਯੋਜਿਤ ਇਸ ਪੈਦਲ ਯਾਤਰਾ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਵਿਦਿਆਰਥੀ, ਐਨ.ਜੀ.ਓਜ਼ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ। ਦੇਸ਼ ਭਗਤੀ ਦੇ ਗੀਤਾਂ ਅਤੇ ਬੈਂਡ ਦੀਆਂ ਮਧੁਰ ਧੁਨਾਂ ਦੇ ਰੰਗ ਵਿੱਚ ਰੰਗੀ ਹੋਈ ਇਹ ਯਾਤਰਾ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਨਸ਼ਾ ਮੁਕਤ ਬਣਾਉਣ ਦਾ ਬਿਹਤਰੀਨ ਸੁਨੇਹਾ ਦੇ ਗਈ।
ਇਸ ਮੌਕੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੇ ਇਸ ਦੂਜੇ ਗੇੜ ਵਿੱਚ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਚਾਰ-ਰੋਜ਼ਾ ਜਾਗਰੂਕਤਾ ਪੈਦਲ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦਾ ਉਦੇਸ਼ ਨਸ਼ਿਆਂ ਵਿਰੁੱਧ ਜਨਤਕ ਭਾਗੀਦਾਰੀ ਨੂੰ ਲਾਮਬੰਦ ਕਰਨਾ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਰੈੱਡ ਕਰਾਸ ਸੋਸਾਇਟੀ ਦੇ ਯਤਨਾਂ ਨਾਲ ਪੈਦਲ ਯਾਤਰਾ ਦਾ ਉਦੇਸ਼ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਨਿਰੰਤਰ ਜਨਤਕ ਜਾਗਰੂਕਤਾ ਦੇ ਨਾਲ-ਨਾਲ ਮੁੜ ਵਸੇਬਾ ਅਤੇ ਰੁਜ਼ਗਾਰ ਪੈਦਾ ਕਰਨਾ ਮੁੱਖ ਤਰਜੀਹ ਹੋਣੀ ਚਾਹੀਦੀ ਹੈ । ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਸਿਰਫ਼ ਇੱਕ ਸਥਾਨਕ ਜਾਂ ਸੂਬੇ ਦਾ ਮੁੱਦਾ ਨਹੀਂ ਹੈ ਸਗੋਂ ਇਕ ਆਲਮੀ ਚੁਣੌਤੀ ਹੈ, ਜਿਸ ਲਈ ਨਿਰੰਤਰ ਅਤੇ ਸਮੂਹਿਕ ਯਤਨਾਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨਿਰੰਤਰ ਅਤੇ ਸੁਹਿਰਦ ਹੋਣੀ ਚਾਹੀਦੀ ਹੈ। ਉਨ੍ਹਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਵਿਦਿਅਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸੰਗਠਨਾਂ ਨੂੰ ਇਸ ਜਨ-ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਮਰਥਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਂਝੇ ਟੀਚੇ ਵੱਲ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦੀ ਹੈ।
ਉਨ੍ਹਾਂ ਕਿਹਾ ਕਿ ਗੁਰੂਆਂ ਦੀ ਇਸ ਧਰਤੀ ‘ਤੇ ਨਸ਼ਿਆਂ ਲਈ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰਾਜਪਾਲ ਦਾ ਅੰਦੋਲਨ ਨਹੀਂ, ਬਲਕਿ ਲੋਕਾਂ ਦਾ ਅੰਦੋਲਨ ਹੈ। ਇਕੱਲਿਆਂ ਸਰਕਾਰਾਂ ਇਹ ਲੜਾਈ ਨਹੀਂ ਲੜ ਸਕਦੀਆਂ। ਸਰਕਾਰਾਂ ਆਪਣੇ ਪੱਧਰ ਤੇ ਲੜਾਈ ਲੜ ਰਹੀਆਂ ਹਨ, ਪਰ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਨੂੰ ਲੜਾਈ ਲੜਨੀ ਪਵੇਗੀ। ਸਾਨੂੰ ਸਭ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ, ਤਾਂ ਹੀ ਨਸ਼ਾ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਨਫ਼ਰਤ ਨੇ ਕਰੋ, ਬਲਕਿ ਉਨ੍ਹਾਂ ਦੀ ਪਿਆਰ ਨਾਲ ਮਦਦ ਕਰਕੇ ਨਸ਼ੇ ਤੋਂ ਦੂਰ ਕਰੋ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਰੋਜ਼ਗਾਰ ਮੁਹੱਈਆ ਕਰਵਾਉਣ ਨਾਲ ਹੀ ਨਸ਼ਾ ਖ਼ਤਮ ਹੋਵੇਗਾ।
ਇਸ ਮੌਕੇ ਰਾਜਪਾਲ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ, ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਕੱਤਰ ਸ੍ਰੀ ਸ਼ਿਵਦੁਲਾਰ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਐਸ.ਐਸ.ਪੀ ਸ੍ਰੀ ਸੁਰੇਂਦਰ ਲਾਂਬਾ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਦੇ ਉੱਪ ਕੁਲਪਤੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।



