ਪੰਜਾਬ ਦੇ ਰਾਜਪਾਲ ਨੇ “ਨੇਤ੍ਰੁਤਵ ਸਾਧਨਾ-XVII” ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ
ਚੰਡੀਗੜ੍ਹ, 2 ਫਰਵਰੀ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਲੋਕ ਭਵਨ, ਪੰਜਾਬ ਵਿਖੇ ਸਮਾਜਿਕ-ਰਾਜਨੀਤਿਕ ਲੀਡਰਸ਼ਿਪ ਵਿੱਚ ਛੇ ਦਿਨਾਂ ਦੇ ਰਿਹਾਇਸ਼ੀ ਸਰਟੀਫਿਕੇਟ ਕੋਰਸ “ਨੇਤ੍ਰੁਤਵ ਸਾਧਨਾ-XVII” ਦੇ ਪ੍ਰਤੀਭਾਗੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਕੀਤਾ। ਇਹ ਪ੍ਰੋਗਰਾਮ ਰਾਮਭਾਊ ਮਲਗੀ ਪ੍ਰਬੋਧਿਨੀ ਨਾਲ ਜੁੜੇ ਇੰਸਟੀਟਿਊਟ ਫੌਰ ਇਨਕਲੂਸਿਵ ਪਾਲਿਸੀ ਐਂਡ ਗਵਰਨੈਂਸ (ਆਈਆਈਪੀਜੀ/IIPG) ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ-ਨਿਟਰ (ਐੱਨਆਈਟੀਟੀਟੀਆਰ/NITTTR), ਚੰਡੀਗੜ੍ਹ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਾਜਪਾਲ ਨੇ ਪ੍ਰਭਾਵੀ ਰਾਸ਼ਟਰ-ਨਿਰਮਾਣ ਲਈ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਜ਼ਿੰਮੇਵਾਰ ਲੀਡਰਸ਼ਿਪ ਵਿਕਸਿਤ ਕਰਨ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਜੀਵਨ ਭਰ ਸਿੱਖਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਤੀਭਾਗੀਆਂ ਨੂੰ ਆਪਣੇ ਗਿਆਨ ਅਤੇ ਅਨੁਭਵਾਂ ਦਾ ਉਪਯੋਗ ਸਮਾਜ ਦੇ ਵਿਆਪਕ ਕਲਿਆਣ ਹਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਆਲਮੀ ਪਰਿਵੇਸ਼ ਵਿੱਚ ਨਿਰੰਤਰ ਸਿੱਖਣਾ ਅਤੇ ਆਤਮ-ਮੰਥਨ ਪ੍ਰਭਾਵੀ ਲੀਡਰਸ਼ਿਪ ਦੇ ਜ਼ਰੂਰੀ ਗੁਣ ਹਨ।
ਰਾਜਪਾਲ ਨੇ ਅੱਗੇ ਕਿਹਾ ਕਿ “ਨੇਤਰੁਤਵ ਸਾਧਨਾ” ਜਿਹੇ ਸਮਾਜਿਕ-ਰਾਜਨੀਤਿਕ ਲੀਡਰਸ਼ਿਪ ਦੇ ਰਿਹਾਇਸ਼ੀ ਸਰਟੀਫਿਕੇਟ ਕੋਰਸ, ਨੌਜਵਾਨਾਂ ਦੇ ਸ਼ਖ਼ਸੀਅਤ ਵਿਕਾਸ, ਨੀਤੀਗਤ ਦ੍ਰਿਸ਼ਟੀਕੋਣ ਅਤੇ ਜਨ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਲੀਡਰਸ਼ਿਪ ਵਿਕਾਸ, ਸੁਸ਼ਾਸਨ ਅਤੇ ਨਾਗਰਿਕ ਸ਼ਮੂਲੀਅਤ ਨੂੰ ਹੁਲਾਰਾ ਦੇਣ ਵਿੱਚ ਰਾਮਭਾਊ ਮਲਗੀ ਪ੍ਰਬੋਧਿਨੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕਰਦੇ ਹੋਏ ਰਾਜਪਾਲ ਨੇ ਸਬੂਤ-ਅਧਾਰਿਤ ਨੀਤੀ-ਨਿਰਮਾਣ ਅਪਣਾਉਣ ਅਤੇ ਸੇਵਾ-ਭਾਵ ਨਾਲ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ “ਵਿਕਸਿਤ ਭਾਰਤ 2047” ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਯੁਵਾ ਪੇਸ਼ੇਵਰਾਂ ਦੀ ਨਿਰਣਾਇਕ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ।
ਸੰਵਾਦ ਦੇ ਦੌਰਾਨ ਪ੍ਰਤੀਭਾਗੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਇਸ ਪ੍ਰੋਗਰਾਮ ਨੇ ਉਨ੍ਹਾਂ ਨੂੰ ਓਰੀਐਂਟੇਸ਼ਨ ਸੈਸ਼ਨਾਂ ਦੇ ਜ਼ਰੀਏ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸੁਧਾਰ, ਆਤਮ-ਜਾਗਰੂਕਤਾ ਵਿੱਚ ਵਾਧੇ ਅਤੇ ਲੀਡਰਸ਼ਿਪ ਦੀ ਸਪਸ਼ਟ ਸਮਝ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਹੈ।
ਪ੍ਰੋਗਰਾਮ ਵਿੱਚ ਵਿਭਿੰਨ ਪੇਸ਼ੇਵਰ ਪਿਛੋਕੜਾਂ ਦੇ 40 ਪ੍ਰਤੀਭਾਗੀਆਂ ਨੇ ਇੱਕ ਸਾਂਝੇ ਮੰਚ ‘ਤੇ ਸ਼ਮੂਲੀਅਤ ਕੀਤੀ ਹੈ, ਜਿਨ੍ਹਾਂ ਨੂੰ ਲੀਡਰਸ਼ਿਪ ਸਕਿੱਲ, ਨੀਤੀ-ਚਿੰਤਨ ਅਤੇ ਸ਼ਾਸਨ ਦੀ ਵਿਵਹਾਰਿਕ ਸਮਝ ਨੂੰ ਮਜ਼ਬੂਤ ਕਰਨ ਹਿਤ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਅਵਸਰ ‘ਤੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈਆਈਪੀਜੀ (IIPG) ਤੋਂ ਐਡਵੋਕੇਟ ਡਾ. ਬਲਜਿੰਦਰ ਸਿੰਘ ਠਾਕੁਰ ਅਤੇ ਨਿਟਰ (ਐੱਨਆਈਟੀਟੀਟੀਆਰ/NITTTR) ਚੰਡੀਗੜ੍ਹ ਦੇ ਡਾਇਰੈਕਟਰ, ਪ੍ਰੋ. (ਡਾ.) ਭੋਲਾ ਰਾਮ ਗੁਰਜਰ ਪ੍ਰਮੁੱਖ ਤੌਰ ‘ਤੇ ਉਪਸਥਿਤ ਰਹੇ।



