ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਕੀਤੇ ਜਾ ਰਹੇ ਹਨ ਬੇਮਿਸਾਲ ਤੇ ਦੂਰਦਰਸ਼ੀ ਉਪਰਾਲੇ-ਕੈਬਨਿਟ ਮੰਤਰੀ ਅਮਨ ਅਰੋੜਾ
ਸੂਬਾ ਸਰਕਾਰ ਨੇ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਧੰਦਿਆਂ ਦੇ ਵਿਰੁੱਧ ਸਖ਼ਤ-ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ, ਰੋਜ਼ਗਾਰ ਅਤੇ ਹੁਨਰ ਵਿਕਾਸ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ
ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਬਠਿੰਡਾ ਪ੍ਰੀਮੀਅਰ ਲੀਗ ਇੱਕ ਨਵੀਂ ਦਿਸ਼ਾ ਅਤੇ ਤਾਕਤ ਪ੍ਰਦਾਨ ਕਰੇਗੀ-ਮੇਅਰ ਪਦਮਜੀਤ ਮਹਿਤਾ
ਬਠਿੰਡਾ ਪ੍ਰੀਮੀਅਮ ਦਾ ਹੋਇਆ ਆਗਾਜ਼
ਬਠਿੰਡਾ, 12 ਜਨਵਰੀ : ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਬੇਮਿਸਾਲ ਅਤੇ ਦੂਰਦਰਸ਼ੀ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਮਨ ਅਰੋੜਾ ਨੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਬਠਿੰਡਾ ਪ੍ਰੀਮੀਅਰ ਲੀਗ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਮਹਿਤਾ, ਮੇਅਰ ਨਗਰ ਨਿਗਮ ਸ੍ਰੀ ਪਦਮਜੀਤ ਸਿੰਘ ਮਹਿਤਾ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ ਤੋ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀਆਂ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਧੰਦਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜਣ ਲਈ ਸੰਪਤੀਆਂ ਜ਼ਬਤ ਕਰਨ ਅਤੇ ਸਖ਼ਤ ਸਜ਼ਾਵਾਂ ਨੂੰ ਯਕੀਨੀ ਬਣਾਇਆ ਹੈ। ਇਸ ਨਾਲ ਨਸ਼ਾ ਮਾਫੀਆ ਵਿੱਚ ਡਰ ਦਾ ਮਾਹੌਲ ਬਣਿਆ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਜ਼ਬੂਤ ਸੰਦੇਸ਼ ਗਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰੋਕਥਾਮ ਦੇ ਨਾਲ-ਨਾਲ ਇਲਾਜ ਅਤੇ ਪੁਨਰਵਾਸ ‘ਤੇ ਖ਼ਾਸ ਧਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿੱਥੇ ਪੀੜਤ ਨੌਜਵਾਨਾਂ ਨੂੰ ਮੈਡੀਕਲ ਸਹਾਇਤਾ, ਕੌਂਸਲਿੰਗ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਰਾਹਦਾਰੀ ਮਿਲ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸਚੇਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ, ਰੋਜ਼ਗਾਰ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ। ਪਾਰਦਰਸ਼ੀ ਪ੍ਰਸ਼ਾਸਨ, ਲੋਕਾਂ ਦੀ ਭਾਗੀਦਾਰੀ ਅਤੇ ਸਖ਼ਤ ਇਰਾਦਿਆਂ ਨਾਲ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਹਰ ਵਰਗ ਵੱਲੋਂ ਸ਼ਲਾਘਾ ਮਿਲ ਰਹੀ ਹੈ ਅਤੇ ਇਹ ਉਪਰਾਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ।
ਪੰਜਾਬ ਦੇ ਦਿਲ ਬਠਿੰਡਾ ਸ਼ਹਿਰ ਵਿੱਚ ਪਹਿਲੀ ਵਾਰ ਖੇਡਾਂ, ਮਨੋਰੰਜਨ ਅਤੇ ਨਸ਼ਾ ਵਿਰੋਧੀ ਲਹਿਰ ਦਾ ਇਤਿਹਾਸਕ ਸੰਗਮ ਦੇਖਣ ਨੂੰ ਮਿਲੇਗਾ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ “ਰੰਗਲਾ ਪੰਜਾਬ” ਦ੍ਰਿਸ਼ਟੀਕੋਣ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਕਾਰਾਤਮਕ ਸੋਚ ਅਧੀਨ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਾਇਨਾਮਿਕ ਤੇ ਐਨਰਜੈਟਿਕ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ, ਬਠਿੰਡਾ ਪ੍ਰੀਮੀਅਰ ਲੀਗ ਦਾ ਬਠਿੰਡਾ ਵਿੱਚ ਵੱਡੇ ਪੱਧਰ ‘ਤੇ ਆਯੋਜਨ ਕੀਤਾ ਗਿਆ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਇਹ ਲੀਗ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਸ਼ਕਤੀਸ਼ਾਲੀ ਪਹਿਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਾਲੀਵੁੱਡ ਅਤੇ ਕ੍ਰਿਕਟ ਦੇ ਵੱਡੇ ਸਿਤਾਰੇ ਇੱਕੋ ਸਮੇਂ ਬਠਿੰਡਾ ਵਿਖੇ ਪਹੁੰਚੇ ਹਨ, ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਬਠਿੰਡਾ ਪ੍ਰੀਮੀਅਰ ਲੀਗ ਵਿੱਚ ਨਗਰ ਨਿਗਮ ਦੇ ਫੰਡਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।
*ਸੱਭਿਆਚਾਰ, ਮਨੋਰੰਜਨ ਅਤੇ ਖੇਡਾਂ ਦਾ ਇੱਕ ਵਿਲੱਖਣ ਸੰਗਮ*
ਇਹ ਸਮਾਗਮ ਸ਼੍ਰੀ ਗਣੇਸ਼ ਵੰਦਨਾ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਗਿੱਧਾ, ਭੰਗੜਾ ਅਤੇ ਫਾਇਰ ਸ਼ੋਅ ਸਮੇਤ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ। ਬੱਚਿਆਂ ਦੇ ਮਨੋਰੰਜਨ ਲਈ ਮਿੱਕੀ ਮਾਊਸ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁੰਬਈ ਅਤੇ ਚੰਡੀਗੜ੍ਹ ਦੇ ਡਾਂਸ ਗਰੁੱਪ ਵੀ ਆਪਣੇ ਮਨਮੋਹਕ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਮਨੋਰੰਜਨ ਜਗਤ ਤੋਂ, ਬਾਲੀਵੁੱਡ ਅਭਿਨੇਤਰੀਆਂ ਅਮੀਸ਼ਾ ਪਟੇਲ ਅਤੇ ਜ਼ਰੀਨ ਖਾਨ ਆਪਣੀ ਪੇਸ਼ਕਾਰੀ ਦਿੱਤੀ ਗਈ, ਨੂਰਾਂ ਸਿਸਟਰਜ਼, ਮਾਸਟਰ ਸਲੀਮ ਅਤੇ ਮਾਸ਼ਾ ਅਲੀ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਇਸ ਇਤਿਹਾਸਕ ਮੌਕੇ ਅੰਤਰਰਾਸ਼ਟਰੀ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਵਿਸ਼ੇਸ਼ ਮੌਜੂਦਗੀ ਰਹੀ ਤੇ ਬਠਿੰਡਾ ਦੇ ਉਭਰਦੇ ਕ੍ਰਿਕਟਰਾਂ ਦਾ ਉਤਸ਼ਾਹ ਵਧਾਇਆ।
*50 ਵਾਰਡ, 50 ਟੀਮਾਂ ਅਤੇ 115 ਮੈਚ*
ਮੇਅਰ ਨੇ ਦੱਸਿਆ ਕਿ ਬਠਿੰਡਾ ਦੇ 50 ਵਾਰਡਾਂ ਦੀਆਂ 50 ਟੀਮਾਂ ਇਸ ਪ੍ਰੀਮੀਅਰ ਲੀਗ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਲਈ ਦਸ ਪੂਲ ਬਣਾਏ ਗਏ ਹਨ, ਹਰੇਕ ਪੂਲ ਵਿੱਚ 10-10 ਮੈਚ ਖੇਡੇ ਜਾਣਗੇ। ਕੁੱਲ 115 ਮੁਕਾਬਲੇ ਆਯੋਜਿਤ ਕੀਤੇ ਗਏ ਹਨ, ਜੋ ਹਰੇਕ ਸ਼ਨੀਵਾਰ ਤੇ ਐਤਵਾਰ ਨੂੰ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਇਸ ਇਤਿਹਾਸਕ ਬਠਿੰਡਾ ਪ੍ਰੀਮੀਅਰ ਲੀਗ ਦਾ ਆਗਾਜ਼ ਹੋਇਆ ਹੈ, ਜਦੋਂ ਕਿ 5 ਫਰਵਰੀ ਤੋਂ ਇਸ ਮਹਾਂਸੰਗ੍ਰਾਮ ਵਿਚ ਬਠਿੰਡਾ ਦੇ 50 ਵਾਰਡਾਂ ਦੀਆਂ ਟੀਮਾਂ ਮੈਦਾਨ ਵਿੱਚ ਨਿੱਤਰ ਕੇ ਚੈਂਪੀਅਨ ਬਣਨ ਲਈ ਆਪਣੇ ਜਲਵੇ ਵਿਖੇਰਣਗੀਆਂ। ਮੇਅਰ ਨੇ ਦੱਸਿਆ ਕਿ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਵਿੱਚ ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ, ਜਿਸਦੀ ਜਾਣਕਾਰੀ ਸਮੇਂ ਸਮੇਂ ‘ਤੇ ਮੀਡੀਆ ਰਾਹੀਂ ਜਨਤਾ ਨੂੰ ਦਿੱਤੀ ਜਾਵੇਗੀ।
ਅੰਤ ਵਿੱਚ, ਮੇਅਰ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਪ੍ਰੇਰਨਾਦਾਇਕ ਦ੍ਰਿਸ਼ਟੀਕੋਣ ਹੇਠ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਬਠਿੰਡਾ ਪ੍ਰੀਮੀਅਰ ਲੀਗ ਇੱਕ ਨਵੀਂ ਦਿਸ਼ਾ ਅਤੇ ਤਾਕਤ ਪ੍ਰਦਾਨ ਕਰੇਗੀ ਤੇ ਬਠਿੰਡਾ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।



