ਸਰਕਾਰ ਨੇ ਖਜ਼ਾਨੇ ਤੇ ਲਾਈ ਰੋਕ,ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮਾਣ ਭੱਤੇ ਨੂੰ ਤਰਸ ਰਹੀਆਂ ਨੇ-ਪ੍ਰਧਾਨ ਹਰਗੋਬਿੰਦ ਕੌਰ
ਚੰਡੀਗੜ੍ਹ 11 ਜਨਵਰੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ 2 ਜਨਵਰੀ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਖ਼ਜ਼ਾਨੇ ਵਿੱਚੋਂ ਬਿੱਲ ਪਾਸ ਕਰਨ ‘ਤੇ ਰੋਕ ਲਾਈ ਹੋਈ ਹੈ। ਜਿਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤੇ ਨੂੰ ਤਰਸ ਰਹੀਆ ਹਨ। ਉੱਤੋਂ ਲੋਹੜੀ ਦਾ ਤਿਉਹਾਰ ਹੈ ਪਰ ਸਰਕਾਰ ਨੇ ਹਜੇ ਤੱਕ ਖ਼ਜ਼ਾਨਿਆਂ ਵਿੱਚੋਂ ਬਿੱਲ ਪਾਸ ਨਹੀਂ ਕੀਤੇ। ਜੋ ਸਰਕਾਰ ਦੀ ਨਾਕਾਮੀ ਨੂੰ ਦਿਖਾਉਂਦਾ ਹੈ। ਇੱਕ ਪਾਸੇ ਸਰਕਾਰ ਵੱਡੀਆਂ ਵੱਡੀਆਂ ਟਾਹਰਾਂ ਮਾਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ‘ਚ ਵੀ ਅਸਫ਼ਲ ਸਿੱਧ ਹੋਈ ਹੈ।
ਪੰਜਾਬ ਦੇ ਸਿਰ ‘ਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਦੇ ਬਾਅਦ ਵੀ ਸਰਕਾਰ ਕੋਲ ਖ਼ਜ਼ਾਨੇ ਵਿੱਚ ਤਨਖਾਹਾਂ ਦੇਣ ਤੱਕ ਦੇ ਪੈਸੇ ਨਹੀਂ ਹਨ। ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਖ਼ਜ਼ਾਨੇ ਤੋਂ ਤੁਰੰਤ ਰੋਕ ਹਟਾਵੇ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰਿਲੀਜ਼ ਕਰੇ ਤਾਂ ਜੋ ਉਨਾਂ ਦੇ ਬੱਚੇ ਲੋਹੜੀ ਦੇ ਤਿਉਹਾਰ ‘ਤੇ ਖੁਸ਼ੀਆਂ ਮਨਾ ਸਕਣ। ਉਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹਾਂ ਟਾਈਮ ਸਿਰ ਦੇਣੀਆਂ ਯਕੀਨੀ ਬਣਾਵੇ।



