ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਾਲ ਸਮਾਗਮ


ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਪੰਥਕ ਏਕਤਾ ’ਤੇ ਦਿੱਤਾ ਜ਼ੋਰ, ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਉਠਾਈ ਅਵਾਜ਼
ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਔਰੰਗਜੇਬ ਵਾਂਗ ਸਿੱਖਾਂ ਨੂੰ ਜਜਬ ਕਰਨ ਲਈ ਅੱਜ ਵੀ ਹੋ ਰਹੇ ਹਮਲੇ- ਜਥੇਦਾਰ ਗੜਗੱਜ
ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਮਸਲੇ ਹੱਲ ਕਰੇ ਕੇਂਦਰ ਸਰਕਾਰ- ਐਡਵੋਕੇਟ ਧਾਮੀ
ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਅੱਜ ਵੀ ਸਿਦਕ ਅਤੇ ਦ੍ਰਿੜ੍ਹਤਾ ਧਾਰਨ ਦੀ ਲੋੜ- ਸ. ਬਾਦਲ
ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਅਵਤਾਰ ਸਿੰਘ, ਸ. ਬਲਵਿੰਦਰ ਸਿੰਘ ਭੂੰਦੜ, ਬਾਬਾ ਸੇਵਾ ਸਿੰਘ, ਬਾਬਾ ਕਸ਼ਮੀਰ ਸਿੰਘ, ਭਾਈ ਮਹਿੰਦਰ ਸਿੰਘ ਯੂਕੇ ਤੇ ਹੋਰਾਂ ਨੇ ਵੀ ਕੀਤਾ ਸੰਬੋਧਨ

ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ-
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਧਾਰਮਿਕ, ਪੰਥਕ, ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਅਜ਼ੀਮ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਵਿਸ਼ਾਲ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਆਗੂਆਂ ਨੇ ਅੱਜ ਸਿੱਖਾਂ ਨਾਲ ਹੋ ਰਹੇ ਅਨਿਆਂ ਦਾ ਮੁਕਾਬਲਾ ਕਰਨ ਲਈ ਪੰਥਕ ਏਕਤਾ ’ਤੇ ਜ਼ੋਰ ਦਿੱਤਾ, ਉੱਥੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਇਕ ਵਿਸ਼ੇਸ਼ ਮਤਾ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਤਿਕਾਰ ਦੇਣ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਅਤੇ ਦੇਸ਼ ਅੰਦਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖ ਪਛਾਣ ਵਿਚ ਰੁਕਾਵਟ ਪਾਉਣ ਵਾਲੇ ਅਮਲਾਂ ਨੂੰ ਤੁਰੰਤ ਰੋਕ ਕੇ ਸਿੱਖਾਂ ਨੂੰ ਆਪਣੇ ਨਿਆਰੇ ਸਰੂਪ, ਕਕਾਰਾਂ ਅਤੇ ਫਲਸਫੇ ਦੇ ਅਨੁਸਾਰੀ ਹੋ ਕੇ ਜੀਣ ਲਈ ਸੁਖਾਵਾਂ ਮਾਹੌਲ ਦੇਣ ਦੀ ਕੇਂਦਰ ਸਰਕਾਰ ਕੋਲੋਂ ਮੰਗ ਵੀ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਤਾਬਦੀ ਸਮਾਗਮਾਂ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਅਤੇ ਸਿਧਾਂਤ ਬਾਰੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਔਰੰਗਜੇਬ ਦੂਜੇ ਧਰਮਾਂ ਦੀ ਅਜ਼ਾਦੀ ਖੋਹ ਕੇ ਆਪਣੇ ਰਾਜ ਨੂੰ ਕਾਇਮ ਰੱਖਣਾ ਚਾਹੁੰਦਾ ਸੀ, ਅੱਜ ਵੀ ਅਜਿਹੇ ਹਮਲੇ ਹੋ ਰਹੇ ਹਨ ਪ੍ਰੰਤੂ ਦੁਖ ਦੀ ਗੱਲ ਹੈ ਕਿ ਦੂਜਿਆਂ ਦਾ ਧਰਮ ਬਚਾਉਣ ਵਾਲੇ ਸਿੱਖਾਂ ਨੂੰ ਹੀ ਜਜਬ ਕਰਨ ਲਈ ਸ਼ਾਜਿਸ਼ਾਂ ਤੇਜ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਉੱਤੇ ਅਜਿਹੇ ਹਮਲੇ ਇਸ ਕਰਕੇ ਹੋ ਰਹੇ ਹਨ ਕਿਉਂਕਿ ਸਿੱਖਾਂ ਵਿਚਕਾਰ ਆਪਸੀ ਫੁੱਟ ਹੈ ਅਤੇ ਇਸ ਦਾ ਲਾਹਾ ਦੁਸ਼ਮਣ ਸ਼ਕਤੀਆਂ ਲੈ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਥ ਦੀਆਂ ਸੰਸਥਾਵਾਂ ਪੰਥ ਦੀ ਵਿਰਾਸਤ ਹਨ ਅਤੇ ਇਨ੍ਹਾਂ ਨੂੰ ਕਮਜ਼ੋਰ ਕਰਨ ਵਾਲੇ ਲੋਕ ਸਮਝ ਲੈਣ ਕਿ ਪੰਥ ਇਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ ਕਿ ਧਾਰਮਿਕ ਸ਼ਤਾਬਦੀਆਂ ਮਨਾਉਣਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ, ਪਰ ਇਸ ਮੌਕੇ ਗੁਰੂ ਸਾਹਿਬਾਨ ਦੇ ਸਿਧਾਂਤ ਦੀ ਅਵੱਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਬਾਰੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਮਨੁੱਖੀ ਅਧਿਕਾਰਾਂ ਅਤੇ ਜਮੀਰ ਦੀ ਅਜ਼ਾਦੀ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਅੱਜ ਉਨ੍ਹਾਂ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰਾਂ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਸਿਧਾਂਤਾਂ ’ਤੇ ਪਹਿਰਾ ਦੇਣ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੂੰ ਸਮਰਪਿਤ ਇਸ ਇਜਲਾਸ ਵਿਚ ਸਰਕਾਰ ਦੇ ਆਗੂਆਂ ਵੱਲੋਂ ਨੰਗੇ ਸਿਰ ਸ਼ਾਮਲ ਹੋਣਾ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੁਮਾਇੰਦਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਨੂੰ ਪੰਥ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਕੌਮ ਨਾਲ ਵਾਅਦਾ ਕੀਤਾ ਕਿ ਉਹ ਪੰਥ ਅੱਗੇ ਹਜ਼ਾਰ ਵਾਰ ਝੁਕਣਗੇ ਲੇਕਿਨ ਜਿਹੜੀਆਂ ਸਰਕਾਰਾਂ ਸਿੱਖਾਂ ਦੀ ਪਛਾਣ ਨੂੰ ਖਤਮ ਅਤੇ ਗੁਰਦੁਆਰਾ ਸਾਹਿਬਾਨ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਇਨ੍ਹਾਂ ਨਾਲ ਕਰੜੀ ਲੜਾਈ ਲੜੀ ਜਾਵੇਗੀ।
ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਸਿੱਖਾਂ ਦੀ ਕੌਮੀ ਮੰਗ ਨੂੰ ਦੁਹਰਾਉਂਦਿਆਂ ਸੰਗਤ ਪਾਸੋਂ ਜੈਕਾਰੇ ਲੁਆ ਕਿ ਇਸ ਮਾਮਲੇ ਸਬੰਧੀ ਸਮਰਥਨ ਪ੍ਰਾਪਤ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਸ ਕੀਤੇ ਮਤੇ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਸੰਗਤ ਨੂੰ 28 ਅਤੇ 29 ਨਵੰਬਰ ਨੂੰ ਗੁਰਦੁਆਰਾ ਬਿਬਾਣਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਅਤੇ ਵਿਸ਼ੇਸ਼ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਸਮੂਹ ਪੰਥਕ ਸ਼ਖ਼ਸੀਅਤਾਂ, ਸੰਪਰਦਾਵਾਂ ਤੇ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਗੁਰੂ ਦੀ ਬਖ਼ਸ਼ਿਸ਼ ਨਾਲ ਪੰਥ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇਗਾ ਅਤੇ ਸਾਰੇ ਸਿੱਖ ਗੁਰੂ ਦੇ ਸਿਧਾਂਤਾਂ ’ਤੇ ਚੱਲਦਿਆਂ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਗੇ।
ਸ਼ਤਾਬਦੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਦੁਨੀਆ ਦੇ ਇਤਹਾਸ ਅੰਦਰ ਧਰਮ ਦੀ ਰਖਵਾਲੀ ਲਈ ਵੱਡੀ ਉਦਾਹਰਣ ਕਰਾਰ ਦਿੰਦਿਆਂ ਕੌਮ ਨੂੰ ਆਪਣੇ ਅੰਦਰ ਧਰਮ ਦੀਆਂ ਕਦਰਾਂ ਕੀਮਤਾਂ ਪ੍ਰਤੀ ਅਜਿਹੀ ਹੀ ਦ੍ਰਿੜ੍ਹ ਸ਼ਕਤੀ ਪੈਦਾ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰਾਂ ਨੂੰ ਵੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਮੰਤਵ ਤੋਂ ਪ੍ਰੇਰਣਾ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਿਸ ਦਿੱਲੀ ਵਿਚ ਖ਼ੁਦ ਜਾ ਕੇ ਮਨੁੱਖਤਾ ਨੂੰ ਜਿੰਦਾ ਰੱਖਣ ਦੀ ਸਭ ਤੋਂ ਮਹਿੰਗੀ ਕੀਮਤ ਅਦਾ ਕੀਤੀ ਸੀ, ਸਰਕਾਰਾਂ ਦਾ ਫ਼ਰਜ਼ ਹੈ ਕਿ ਅੱਜ ਉਨ੍ਹਾਂ ਦੇੇ ਅਨਿਆਈ ਸਿੱਖਾਂ ਦੇ ਹੱਕ ਹਕੂਕ ਖੋਹੇ ਨਾ ਜਾਣ। ਉਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਨਾਲ ਨਾਇਨਸਾਫ਼ੀ ਸਰਕਾਰਾਂ ਲਈ ਠੀਕ ਨਹੀਂ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ, ਸ਼੍ਰੋਮਣੀ ਕਮੇਟੀ ਐਕਟ ਅਤੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨਾਲ ਛੇੜਛਾੜ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੋ ਰਹੀਆਂ ਹਰਕਤਾਂ ਕੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਵਿਰੁੱਧ ਨਹੀਂ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦਾ ਕੰਮ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਹਰਇਕ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਹੁੰਦਾ ਹੈ, ਜਦਕਿ ਇਥੇ ਵਿਸ਼ੇਸ਼ ਤੌਰ ’ਤੇ ਸਿੱਖਾਂ ਅਤੇ ਪੰਜਾਬੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਸਿੱਖ ਕੌਮ ਅਰਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੀ ਹੈ, ਪਰ ਸਰਕਾਰਾਂ ਐਲਾਨ ਅਤੇ ਨੋਟੀਫਿਕੇਸ਼ਨ ਕਰਨ ਬਾਅਦ ਵੀ ਮੁਨਕਰ ਹੋ ਰਹੀਆਂ ਹਨ। ਉਨ੍ਹਾਂ ਆਖਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘ ਦੀ ਰਿਹਾਈ ਲਈ ਸਰਕਾਰ ਨੂੰ ਵੱਡਾ ਦਿਲ ਦਿਖਾ ਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਭੇਟ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਦੇਸ਼ ਅੰਦਰ ਸਿੱਖਾਂ ਦੀ ਧਾਰਮਿਕ ਅਜ਼ਾਦੀ ਅਤੇ ਸਿੱਖੀ ਪਛਾਣ ਲਈ ਰੁਕਾਵਟ ਬਣਨ ਵਾਲੇ ਅਮਲਾ ਨੂੰ ਤੁਰੰਤ ਬੰਦ ਕਰਕੇ ਸਿੱਖਾਂ ਨੂੰ ਪੂਰੇ ਦੇਸ਼ ਅੰਦਰ ਆਪਣੇ ਨਿਆਰੇ ਸਰੂਪ ਅਤੇ ਕਕਾਰਾਂ ਨੂੰ ਧਾਰਨ ਕਰਦਿਆਂ ਜੀਣ ਦਾ ਸੁਖਾਵਾਂ ਮਾਹੌਲ ਦਿੱਤਾ ਜਾਵੇ। ਐਡਵੋਕੇਟ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਅਗਲਾ ਪੂਰਾ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਜ਼ੋਰਦਾਰ ਧਰਮ ਪ੍ਰਚਾ ਲਹਿਰ ਪ੍ਰਚੰਡ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਪ੍ਰਚਾਰਨ ਲਈ ਸ਼੍ਰੋਮਣੀ ਕਮੇਟੀ ਵਚਨਬਤਾ ਪ੍ਰਗਟਾਉਂਦੀ ਹੈ ਅਤੇ ਇਸੇ ਤਹਿਤ ਘਰ-ਘਰ ਤੱਕ ਪਹੁੰਚ ਕਰਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਫਲਸਫੇ ਨੂੰ ਪਹੁੰਚਾਉਣ ਦੇ ਵੱਡੇ ਯਤਨ ਕੀਤੇ ਜਾਣਗੇ। ਉਨ੍ਹਾਂ ਨੌਵੇਂ ਪਾਤਸ਼ਾਹ ਦ 350ਵੇਂ ਸ਼ਹੀਦੀ ਦਿਹਾੜੇ ਨੂੰ ਯਾਦਗਾਰੀ ਬਣਾਈ ਰੱਖਣ ਲਈ ਗੁਰੂ ਪਾਤਸ਼ਾਹ ਜੀ ਦੇ ਨਾਂ ’ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ 1000 ਕਮਰਿਆਂ ਦੇ ਸੰਗਤ ਲਈ ਰਿਹਾਇਸ਼ ਵਾਲਾ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਵਿਚ ਭਾਈ ਮਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਂ ’ਤੇ ਵੀ ਬਲਾਕ ਬਣਾਏ ਜਾਣਗੇ। ਉਨ੍ਹਾਂ ਨੇ 2027 ਵਿਚ ਸ੍ਰੀ ਅੰਮ੍ਰਿਤਸਰ ਸ਼ਹਿਰ ਦਾ 450ਵਾਂ ਸਥਾਪਨਾ ਦਿਵਸ ਵੀ ਕੌਮੀ ਜਾਹੋਜਲਾਲ ਨਾਲ ਮਨਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦੂਜੇ ਧਰਮ ਨੂੰ ਬਚਾਉਣ ਲਈ ਦਿੱਤੀ ਸ਼ਹਾਦਤ ਦੁਨੀਆ ਭਰ ਵਿਚ ਲਾਸਾਨੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਬਦੌਲਤ ਹੀ ਅੱਜ ਦੁਨੀਆ ਭਰ ’ਚ ਸਿੱਖ ਜਿੱਥੇ ਆਪਣੀ ਮਿਹਨਤ, ਇਮਾਨਦਾਰੀ ਅਤੇ ਦ੍ਰਿੜ੍ਹਤਾ ਕਰਕੇ ਬੁਲੰਦੀਆਂ ਛੂਹ ਰਹੇ ਹਨ, ਉੱਥੇ ਔਖੇ ਵੇਲੇ ਦੂਜਿਆਂ ਦੀ ਸਹਾਇਤਾ, ਸੇਵਾ ਅਤੇ ਕੁਰਬਾਨੀਆਂ ਕਰਕੇ ਵਿਸ਼ਵ ਭਰ ਵਿਚ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਦੁਨੀਆ ਭਰ ਵਿਚ ਕਿਤੇ ਵੀ ਕੁਦਰਤੀ ਆਫ਼ਤ ਆ ਜਾਵੇ ਤਾਂ ਸਿੱਖ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਅੱਗੇ ਹੁੰਦੇ ਹਨ। ਉਨ੍ਹਾਂ ਜਿੱਥੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉੱਥੇ ਇਸ ਗੱਲ ’ਤੇ ਦੁੱਖ ਵੀ ਜਤਾਇਆ ਕਿ ਦੂਜੇ ਧਰਮ ਨੂੰ ਬਚਾਉਣ ਵਾਲੇ ਧਰਮ ਨੂੰ ਖ਼ਤਮ ਕਰਨ ਲਈ ਅੱਜ ਵੱਡੇ ਪੱਧਰ ‘ਤੇ ਸਾਜ਼ਿਸ਼ਾਂ ਹੋ ਰਹੀਆਂ ਹਨ ਅਤੇ ਸਿੱਖਾਂ ਦੀ ਤਾਕਤ ਨੂੰ ਖ਼ਤਮ ਕਰਨ ਲਈ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਅਤੇ ਜਥੇਬੰਦੀਆਂ ਉੱਤੇ ਕਬਜ਼ੇ ਕਰਨ ਦੀਆਂ ਸਰਕਾਰੀ ਸਾਜ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਪਿਛਲੇ ਸਮੇਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਉੱਤੇ ਮਹਾਰਾਸ਼ਟਰ ਸਰਕਾਰ ਦੇ ਕਬਜ਼ੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਕੋਲੋਂ ਖੋਹਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਿੱਖਾਂ ਨੂੰ ਅਜੇ ਵੀ ਜਾਗਣ ਦੀ ਲੋੜ ਹੈ ਕਿਉਂਕਿ ਸਿੱਖ ਦੋਖੀ ਤਾਕਤਾਂ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕਿਤੇ ਵੀ ਸਿੱਖਾਂ ਨੂੰ ਕੋਈ ਸਮੱਸਿਆ ਆਵੇ ਤਾਂ ਹਮੇਸ਼ਾ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਤੇ ਜਥੇਬੰਦੀਆਂ ਹੀ ਉਨ੍ਹਾਂ ਦੀ ਪਿੱਠ ’ਤੇ ਖੜ੍ਹਦੀਆਂ ਹਨ, ਪਰ ਜੇ ਸਿੱਖ ਸ਼ਕਤੀ ਦੀਆਂ ਇਹ ਸੰਸਥਾਵਾਂ ਹੀ ਖ਼ਤਮ ਹੋ ਗਈਆਂ ਤਾਂ ਸਿੱਖਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਰਹੇਗਾ। ਉਨ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸੰਦਰਭ ’ਚ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਕਮਾਉਣਾ ਅੱਜ ਦੀ ਵੱਡੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਨੇ ਹੱਕ ਸੱਚ ਲਈ ਅਵਾਜ਼ ਬੁਲੰਦ ਕੀਤੀ ਸੀ ਅਤੇ ਅੱਜ ਵੀ ਹੱਕ ਸੱਚ ਨੂੰ ਜਿੰਦਾ ਰੱਖਣ ਲਈ ਸਿਦਕ ਅਤੇ ਦ੍ਰਿੜ੍ਹਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਤੇ ਜਮਾਤਾਂ ਸਿੱਖੀ ਲਈ ਹਮੇਸ਼ਾ ਵੱਡਾ ਯਤਨ ਕਰਦੀਆਂ ਰਹੀਆਂ ਹਨ ਅਤੇ ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਜਿਥੇ ਸਿੱਖ ਸ਼ਤਾਬਦੀਆਂ ਕੌਮੀ ਜਾਹੋਜਲਾਲ ਨਾਲ ਮਨਾਈਆਂ, ਉਥੇ ਹੀ ਨੌਜੁਆਨੀ ਨੂੰ ਵਿਰਸੇ ਨਾਲ ਜੋੜਨ ਲਈ ਯਾਦਗਾਰਾਂ ਸਥਾਪਤ ਕਰਨ ਵਰਗੇ ਕਈ ਵੱਡੇ ਇਤਿਹਾਸਕ ਕਾਰਜ ਕੀਤੇ। ਅੱਜ ਦੀਆਂ ਸਰਕਾਰਾਂ ਕੇਵਲ ਲੋਕਾਂ ਨੂੰ ਗੁੰੰਮਰਾਹ ਕਰਕੇ ਆਪਣੇ ਮਨਸੂਬੇ ਸਿੱਧ ਕਰਨ ਦੇ ਆਹਰ ਵਿਚ ਹਨ, ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ।
ਸ਼ਤਾਬਦੀ ਦੇ ਸਮਾਗਮ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਬਲਵਿੰਦਰ ਸਿੰਘ ਭੂੰਦੜ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜਥਾ ਯੂਕੇ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਅਤੇ ਬਾਬਾ ਸੁਰਜਨ ਸਿੰਘ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਪਣੇ ਸੰਬੋਧਨ ਵਿਚ ਪੰਥ ਨੂੰ ਇਕੱਠਿਆ ਹੋ ਕੇ ਇਤਿਹਾਸ, ਸਿਧਾਂਤ ਅਤੇ ਪ੍ਰੰਪਰਾਵਾਂ ਦੀ ਪਹਿਰੇਦਾਰੀ ਲਈ ਯਤਨਸ਼ੀਲ ਰਹਿਣ ਲਈ ਕਿਹਾ। ਉਨ੍ਹਾਂ ਆਖਿਆ ਕਿ ਕੌਮੀ ਜਲੌ ਪੰਥਕ ਸ਼ਕਤੀ ਦੇ ਇਕੱਠਿਆਂ ਰਹਿਣ ਵਿਚ ਹੀ ਹੈ। ਬੁਲਾਰਿਆਂ ਨੇ ਨੌਵੇਂ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਨੂੰ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਕਰਾਰ ਦਿੱਤਾ।
ਇਸ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਅਤੇ ਬਾਬਾ ਬੰਤਾ ਸਿੰਘ ਨੇ ਕਥਾ ਵਿਚਾਰਾਂ ਦੀ ਸਾਂਝ ਪਈ ਅਤੇ ਗਿਆਨੀ ਨਿਰਮਲ ਸਿੰਘ ਨੂਰ ਦੇ ਢਾਡੀ ਜਥੇ ਤੇ ਸ. ਕੇਵਲ ਸਿੰਘ ਮਹਿਤਾ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸ ਸਰਵਣ ਕਰਵਾਇਆ।
ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਜੋਗਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ, ਸ. ਤਜਿੰਦਰ ਸਿੰਘ ਮਿੱਡੂਖੇੜਾ, ਸਾਬਕਾ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਸ. ਸੁੱਚਾ ਸਿੰਘ ਲੰਗਾਹ, ਸ. ਸੁਰਜੀਤ ਸਿੰਘ ਭਲਵਾਨ, ਸ. ਅਰਸ਼ਦੀਪ ਸਿੰਘ ਕਲੇਰ, ਸ. ਰਣਬੀਰ ਸਿੰਘ ਢਿੱਲੋਂ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਜਗਜੀਤ ਸਿੰਘ ਹਰਖੋਵਾਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਜੂਨੀਅਰ ਮੀਤ ਪ੍ਰਧਾਨ ਸ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਹਰਜਿੰਦਰ ਕੌਰ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਰਣਜੀਤ ਸਿੰਘ ਕਾਹਲੋਂ, ਸ. ਭੁਪਿੰਦਰ ਸਿੰਘ ਭਲਵਾਨ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਬਲਜੀਤ ਸਿੰਘ ਜਲਾਲਉਸਮਾ, ਭਾਈ ਗੁਰਬਖਸ਼ ਸਿੰਘ ਖਾਲਸਾ, ਜਥੇਦਾਰ ਕੌਰ ਸਿੰਘ, ਸ. ਰਘਬੀਰ ਸਿੰਘ ਸਹਾਰਨਮਾਜਰਾ, ਭਾਈ ਅਜੈਬ ਸਿੰਘ ਅਭਿਆਸੀ, ਸ. ਅਵਤਾਰ ਸਿੰਘ ਰੀਆ, ਸ. ਅਮਰਜੀਤ ਸਿੰਘ ਬੰਡਾਲਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਹਰਪਾਲ ਸਿੰਘ ਜੱਲਾ, ਸ. ਨਵਤੇਜ ਸਿੰਘ ਕਾਉਣੀ, ਸ. ਅਵਤਾਰ ਸਿੰਘ ਵਣਵਾਲਾ, ਬਾਬਾ ਬੂਟਾ ਸਿੰਘ, ਸ. ਪਰਮਜੀਤ ਸਿੰਘ ਖਾਲਸਾ, ਸ. ਸੁਖਵਰਸ ਸਿੰਘ ਪੰਨੂ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਸ. ਜਸਵਿੰਦਰ ਸਿੰਘ ਜੱਸੀ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਬਾਬਾ ਸੁੱਚਾ ਸਿੰਘ, ਸਵਾਮੀ ਜੀ ਹੁਸ਼ਿਆਰਪੁਰ ਵਾਲੇ, ਬਾਬਾ ਜੀਤ ਸਿੰਘ ਜੌਲਾਂ ਵਾਲੇ, ਬਾਬਾ ਗੁਰਦੇਵ ਸਿੰਘ ਹੁਸ਼ਿਆਰਪੁਰ, ਬਾਬਾ ਬਲਕਾਰ ਸਿੰਘ ਹਨੁਮਾਨਗੜ੍ਹ, ਬਾਬਾ ਲੱਖਾ ਸਿੰਘ ਕੋਟੇ ਵਾਲੇ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਮਹੰਤ ਤੀਰਥ ਸਿੰਘ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸੁਖਦੇਵ ਸਿੰਘ ਭੁੱਚੋਂ ਵਾਲਿਆਂ ਵੱਲੋਂ ਬਾਬਾ ਨਾਨਕ ਸਿੰਘ, ਬਾਬਾ ਸੁਰਜਨ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੋਹਨ ਸਿੰਘ, ਸਿੱਖ ਧਰਮਾ ਇੰਟਰਨੈਸ਼ਨਲ ਵੱਲੋਂ ਸ. ਸਤਪਾਲ ਸਿੰਘ ਯੂਐਸਏ, ਸ. ਤਿਰਮੀਤ ਸਿੰਘ ਬੇਦੀ ਕੋਟਾ ਸੈਂਟਰਲ ਕਮੇਟੀ, ਬਾਬਾ ਧੰਨਾ ਸਿੰਘ ਬੜੂੰਦੀ ਵਾਲੇ, ਜਥੇਦਰ ਬਾਬਾ ਨਾਗਰ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਬਾਬਾ ਭਾਗ ਸਿੰਘ ਨਾਨਕਸਰ ਕਲੇਰਾਂ, ਸ. ਸੁਖਪਾਲ ਸਿੰਘ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਗਿਆਨੀ ਅਵਤਾਰ ਸਿੰਘ ਭੈਲ, ਬਾਬਾ ਜੋਗਿੰਦਰ ਸਿੰਘ ਅਮਰੀਕਾ, ਗਿਆਨੀ ਸੁਖਵਿੰਦਰ ਸਿੰਘ, ਬਾਬਾ ਸਰੂਪ ਸਿੰਘ ਡੁੰਮੇਵਾਲ, ਬਾਬਾ ਪ੍ਰੇਮ ਸਿੰਘ, ਬਾਬਾ ਅਜੀਤ ਸਿੰਘ ਗੁਜਰਾਤ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਜੀ ਭੂਰਾਕੋਹਨਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀਸੀ ਸ. ਪ੍ਰਿਤਪਾਲ ਸਿੰਘ, ਸ. ਰਾਮ ਸਿੰਘ ਮੁੰਬਈ ਆਨਰੇਰੀ ਇੰਚਾਰਜ ਸਿੱਖ ਮਿਸ਼ਨ ਮਹਾਂਰਾਸ਼ਟਰ ਤੇ ਗੁਜਰਾਤ, ਸ. ਦਿਲਸਾਦ ਸਿੰਘ ਅਨੰਦ ਆਨਰੇਰੀ ਇੰਚਾਰਜ ਸਿੱਖ ਮਿਸ਼ਨ ਆਂਧਰਾ ਪ੍ਰਦੇਸ਼, ਸ. ਬਲਬੀਰ ਸਿੰਘ ਚੰਗਿਆੜਾ, ਸਿੱਖ ਚਿੰਤਕ ਸ. ਤਲਵਿੰਦਰ ਸਿੰਘ ਬੁੱਟਰ, ਇੰਚਾਰਜ ਸ. ਮੇਜ਼ਰ ਸਿੰਘ, ਸ. ਬਲਦੇਵ ਸਿੰਘ ਚੀਫ 85 ਸ. ਜਗਦੀਸ਼ ਸਿੰਘ ਬੁੱਟਰ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਮੈਨੇਜਰ ਸ. ਜਗੀਰ ਸਿੰਘ, ਸ. ਧਰਮਿੰਦਰ ਸਿੰਘ, ਸ. ਬਲਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਸਤਿੰਦਰ ਸਿੰਘ, ਸ. ਨਿਸ਼ਾਨ ਸਿੰਘ ਜ਼ਫਰਵਾਲ, ਸ. ਸੁਰਜੀਤ ਸਿੰਘ ਬਰਨਾਲਾ, ਵਧੀਕ ਮੈਨੇਜਰ ਸ. ਹਰਦੇਵ ਸਿੰਘ, ਸ. ਸੰਦੀਪ ਸਿੰਘ ਕਲੋਤਾ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus ( )
Translate