ਉਪ ਮੰਡਲ ਮੈਜਿਸਟਰੇਟ ਵੱਲੋਂ ਸਫ਼ਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਜਨਤਾ ਨੂੰ ਸਹਿਯੋਗ ਦੀ ਅਪੀਲ
ਸੁਨਾਮ, 19 ਨਵੰਬਰ
ਉਪ ਮੰਡਲ ਮੈਜਿਸਟਰੇਟ ਸੁਨਾਮ ਐਟ ਸੁਨਾਮ, ਊਧਮ ਸਿੰਘ ਵਾਲਾ ਸ਼੍ਰੀ ਪ੍ਰਮੋਦ ਸਿੰਗਲਾ ਵੱਲੋਂ ਉਪ-ਮੰਡਲ/ਸ਼ਹਿਰ ਦੇ ਸਮੂਹ ਨਿਵਾਸੀਆਂ ਨੂੰ ਸਫ਼ਾਈ ਅਤੇ ਸੁੰਦਰਤਾ ਬਣਾਈ ਰੱਖਣ ਲਈ ਅਪੀਲ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ‘ਸਵੱਛ ਅਤੇ ਸੁੰਦਰ’ ਬਣਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ, ਪਰ ਇਹ ਯਤਨ ਤਦ ਹੀ ਸਫਲ ਹੋ ਸਕਦੇ ਹਨ ਜਦੋਂ ਜਨਤਾ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਵੇ।
ਐਸ.ਡੀ.ਐਮ. ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਨਾਗਰਿਕ ਕੂੜਾ-ਕਰਕਟ ਨੂੰ ਸੜਕਾਂ ਦੇ ਕਿਨਾਰਿਆਂ, ਗਲੀਆਂ, ਖੁੱਲ੍ਹੀਆਂ ਥਾਵਾਂ ਅਤੇ ਨਾਲਿਆਂ ਵਿੱਚ ਸੁੱਟ ਦਿੰਦੇ ਹਨ, ਜਿਸ ਕਾਰਨ ਨਾ ਸਿਰਫ਼ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ, ਸਗੋਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਉਨ੍ਹਾਂ ਅਪੀਲ ਕੀਤੀ ਕਿ ਘਰਾਂ, ਦੁਕਾਨਾਂ ਅਤੇ ਸਾਰੇ ਵਪਾਰਕ ਸਥਾਨਾਂ ਤੋਂ ਨਿਕਲਣ ਵਾਲਾ ਕੂੜਾ ਕੇਵਲ ਨਗਰ ਕੌਂਸਲ ਵੱਲੋਂ ਰੱਖੇ ਡਸਟਬਿਨਾਂ ਜਾਂ ਨਿਰਧਾਰਿਤ ਥਾਵਾਂ ‘ਤੇ ਹੀ ਪਾਇਆ ਜਾਵੇ। ਇਸ ਦੇ ਨਾਲ ਹੀ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਤੁਰੰਤ ਕੂੜਾ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੂੜਾ ਪ੍ਰਬੰਧਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੂੜਾ ਨਿਰਧਾਰਿਤ ਥਾਵਾਂ ‘ਤੇ ਹੀ ਪਾਉਣਗੇ ਤਾਂ ਸਫ਼ਾਈ ਕਰਮਚਾਰੀਆਂ ਨੂੰ ਕੂੜਾ ਇਕੱਠਾ ਕਰਨ ਵਿੱਚ ਬੇਹੱਦ ਸਹੂਲਤ ਮਿਲੇਗੀ, ਸਾਰਾ ਖੇਤਰ ਹੋਰ ਕੁਸ਼ਲਤਾ ਨਾਲ ਸਾਫ਼ ਹੋ ਸਕੇਗਾ ਅਤੇ ਸ਼ਹਿਰ ਦੀ ਸਮੁੱਚੀ ਦਿੱਖ ਵਿੱਚ ਵੀ ਸੁਧਾਰ ਆਵੇਗਾ। ਇਸ ਨਾਲ ਨਾ ਕੇਵਲ ਵਾਤਾਵਰਣ ਸਾਫ਼-ਸੁਥਰਾ ਰਹੇਗਾ, ਸਗੋਂ ਪੂਰੇ ਭਾਈਚਾਰੇ ਦਾ ਮਾਣ ਵੀ ਵੱਧੇਗਾ।
ਐਸ.ਡੀ.ਐਮ. ਨੇ ਪੂਰਾ ਭਰੋਸਾ ਜਤਾਇਆ ਕਿ ਨਾਗਰਿਕ, ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੇ ਹੋਏ ਉਪ-ਮੰਡਲ ਨੂੰ ਸਫ਼ਾਈ ਦੇ ਮਾਮਲੇ ਵਿੱਚ ਇੱਕ ਮਿਸਾਲੀ ਖੇਤਰ ਬਣਾਉਣ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਪਾਉਣਗੇ।



