ਸਕੇ ਭਰਾਵਾਂ ਦੀ ਜੋੜੀ ਬਾਣੀ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ
ਬਿਨਾਂ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ
ਫਾਜ਼ਿਲਕਾ, 15 ਨਵੰਬਰ
ਬਲਾਕ ਫਾਜ਼ਿਲਕਾ ਦੇ ਪਿੰਡ ਮੁੰਬੇਕਾ ਦੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਤੇ ਤਰਸੇਮ ਸਿੰਘ ਬਾਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵੱਖ ਵੱਖ ਸੰਦਾ ਦੀ ਮਦਦ ਨਾਲ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ| ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਗਭਗ 50 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ ਤੇ ਇਸ ਵਾਰ ਉਨ੍ਹਾਂ ਝੋਨੇ ਦੀ ਕਟਾਈ ਐੱਸ.ਐੱਮ.ਐੱਸ ਵਾਲੀ ਕੰਬਾਈਨ ਨਾਲ ਕਰਵਾਉਣ ਤੋਂ ਬਾਅਦ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਦਿੱਤੀ| ਇਸ ਤਰੀਕੇ ਨਾਲ ਇਹ ਕਿਸਾਨ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਗਾਤਾਰ ਉਪਰਾਲੇ ਕਰ ਰਹੇ ਹਨ ਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ|
ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਅੱਠ ਸਾਲ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦੇ। ਕਿਸਾਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਸ ਦੀ ਜਮੀਨ ਦੀ ਹਾਲਤ ਵੀ ਸੁਧਰੀ ਹੈ ਤੇ ਅਗਲੀ ਫਸਲ ਦਾ ਝਾੜ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਖੇਤੀਬਾੜੀ ਵਿਭਾਗ ਦੇ ਤਾਲਮੇਲ ਵਿੱਚ ਹਨ ਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਫਸਲ ਦੀ ਬਿਜਾਈ ਕਰਦੇ ਹਨ ਤੇ ਵੱਧ ਝਾੜ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਜਮੀਨ ਵਿੱਚ ਜਜਬ ਕਰਕੇ ਅਗਲੀ ਫਸਲ ਬੀਜਣ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਬੀ.ਟੀ.ਐੱਮ ਰਾਜਦਵਿੰਦਰ ਸਿੰਘ ਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਜਿਸ ਸਦਕਾ ਕਿਸਾਨ ਬਲਵਿੰਦਰ ਸਿੰਘ ਬਾਠ ਆਪਣੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਦਾ ਅਤੇ ਹੋਰ ਵੀ ਕਈ ਕਿਸਾਨ ਵੀ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਂਦੇ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਅਗਾਂਹਵਧੂ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਕਿਸਾਨ ਬਲਵਿੰਦਰ ਸਿੰਘ ਵਾਤਾਵਰਨ ਦਾ ਰਾਖਾ ਬਣਕੇ ਪਰਾਲੀ ਨੂੰ ਬਿਲਾਂ ਸਾੜੇ ਖੇਤ ਵਿੱਚ ਵਹਾ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੁਸ਼ਿਤ ਹੁੰਦਾ ਹੈ ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।


