ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸ਼ਹੀਦੀ ਜਾਗ੍ਰਤੀ ਯਾਤਰਾ ਦੀ ਸੰਪੂਰਨਤਾ

ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ — ਸ਼ਹੀਦੀ ਜਾਗਰਤੀ ਯਾਤਰਾ, ਜਿਸ ਨੇ ਆਪਣਾ ਸਫ਼ਰ ਪੰਜਾਬ ਵਿੱਚ 21 ਅਕਤੂਬਰ 2025 ਨੂੰ ਸ਼ੁਰੂ ਕੀਤਾ ਸੀ, ਸੋਮਵਾਰ ਸ਼ਾਮ 5:30 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ। ਇਹ ਯਾਤਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਅਤੇ ਉਹਨਾਂ ਦੁਆਰਾ ਤਿਆਗ, ਵਿਸ਼ਵਾਸ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਨਮਨ ਕਰਦੀ ਹੈ।

ਸੰਗਤਾਂ ਨੂੰ ਜਾਗ੍ਰਤੀ ਯਾਤਰਾ ਦੀ ਸ਼ਾਨ ਬਾਬਾ ਦੀਪ ਸਿੰਘ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਕੜਾ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਅਤੇ ਪਵਿੱਤਰ ਨਿਸ਼ਾਨੀਆਂ ਦੇ ਵਿਸ਼ੇਸ਼ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਵੇਗਾ।

ਇਹ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਅਟੱਲ ਉਪਦੇਸ਼ਾਂ — ਵਿਸ਼ਵਾਸ, ਏਕਤਾ ਤੇ ਦਇਆ ਦਾ ਸੁਨੇਹਾ ਦੇਣਾ ਹੈ।

ਯਾਤਰਾ ਦੇ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਜੇ.ਡੀ.ਯੂ. ਪੰਜਾਬ ਪ੍ਰਧਾਨ ਤੇ ਯਾਤਰਾ ਦੇ ਆਯੋਜਕ ਮਾਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚੋਂ ਗੁਜ਼ਰਦਿਆਂ ਗੁਰੂ ਸਾਹਿਬ ਜੀ ਦੇ ਸੰਦੇਸ਼ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਯਾਤਰਾ ਦਾ ਸਮਾਪਨ ਬਹੁਤ ਆਤਮਿਕ ਮਹੱਤਤਾ ਰੱਖਦਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਸੰਗਤ ਨੂੰ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਯਾਤਰਾ ਦਾ ਸਵਾਗਤ ਕਰਨ ਅਤੇ ਨੌਵੇਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, “ਪੰਜਾਬ ਸਮੇਤ ਹੋਰ ਨੌਂ ਰਾਜਾਂ ਵਿੱਚ ਵੀ, ਜਿੱਥੇ-ਜਿੱਥੇ ਇਹ ਯਾਤਰਾ ਗਈ, ਉੱਥੇ ਅਨੇਕਾਂ ਸੰਗਤਾਂ ਨੇ ਇਸ ਵਿੱਚ ਆਪਣਾ ਭਾਵਨਾਤਮਕ ਯੋਗਦਾਨ ਪਾਇਆ। ਰਾਗੀ ਜਥੇ, ਨਿਹੰਗ ਸਿੰਘ, ਧਾਰਮਿਕ ਸੰਗਠਨ ਅਤੇ ਵਿਦਿਆਰਥੀਆਂ ਨੇ ਨਿਸ਼ਾਨ ਸਾਹਿਬ ਲਹਿਰਾਉਂਦੇ ਹੋਏ ਸ਼ਬਦ ਕੀਰਤਨ ਤੇ ਝਾਕੀਆਂ ਪੇਸ਼ ਕੀਤੀਆਂ, ਜਿਸ ਨਾਲ ਪੂਰਾ ਮਾਹੌਲ ਆਤਮਕ ਊਰਜਾ ਨਾਲ ਭਰਿਆ ਰਿਹਾ। ਸਹਿਯੋਗੀਆਂ ਅਤੇ ਭਾਗੀਦਾਰਾਂ ਦਾ ਹਿਰਦੇ ਤੋਂ ਧੰਨਵਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਗੁਰਦੁਆਰਾ ਕਮੇਟੀਆਂ ਨੇ ਸੁਰੱਖਿਆ ਅਤੇ ਪ੍ਰਬੰਧ ਲਈ ਉਤਮ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਅਸੀਂ ਉਸ ਲਈ ਤਹਿ ਦਿਲੋਂ ਧੰਨਵਾਦੀ ਹਾਂ।

ਸ਼ਹੀਦੀ ਜਾਗ੍ਰਤੀ ਯਾਤਰਾ, ਜਿਸ ਨੂੰ 17 ਸਤੰਬਰ 2025 ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪੜਾਅ ਸ਼ੁਰੂ ਕੀਤਾ ਸੀ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿਚੋਂ ਹੁੰਦੀ ਹੋਈ ਪੰਜਾਬ ਪਹੁੰਚੀ ਹੈ, ਅਤੇ ਆਪਣੇ ਆਤਮਿਕ ਸਫਰ ਦੌਰਾਨ ਲੱਖਾਂ ਸੰਗਤਾਂ ਨੂੰ ਪ੍ਰੇਰਿਤ ਕਰ ਚੁੱਕੀ ਹੈ।

CATEGORIES
TAGS
Share This

COMMENTS

Wordpress (0)
Disqus ( )
Translate