ਧਰਮੀ ਫੌਜੀਆਂ ਦੀ ਐਸੋਸੀਏਸ਼ਨ ਵੱਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ
ਅੰਮ੍ਰਿਤਸਰ 25 ਅਕਤੂਬਰ। ਅੱਜ ਜੂਨ 1984 ਦੇ ਧਰਮੀ ਫੌਜੀਆਂ ਸਿੱਖ ਧਰਮੀ ਫੌਜੀ ਅਸੋਸੀਏਸ਼ਨ ਜੂਨ 1984 ਰਜਿ: ਦੇ ਪ੍ਰਧਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।
ਧਰਮੀ ਫੌਜੀਆਂ ਨੇ ਸ.ਬਾਦਲ ਨਾਲ ਖੁੱਲਕੇ ਵਿਚਾਰਾਂ ਕੀਤੀਆਂ।ਧਰਮੀ ਫੌਜੀਆਂ ਨੇ ਸ.ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਦੀ ਜਿਮਨੀ ਲਈ ਧਰਮੀ ਫੌਜੀ ਪਰਿਵਾਰ ਨੂੰ ਉਮੀਦਵਾਰ ਬਣਾਇਆ ਹੈ।ਧਰਮੀ ਫੌਜੀਆਂ ਨੇ ਹਲਕਾ ਤਰਨ ਤਾਰਨ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਠਕੇ ਧਰਮੀ ਫੌਜੀ ਪਰਿਵਾਰ ਨੂੰ ਵੋਟਾਂ ਪਾਉਣ।
ਏਨਾਂ ਧਰਮੀ ਫੌਜੀਆਂ ਨੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਇੰਦਰਾਂ ਗਾਂਧੀ ਵੱਲੋਂ ਕੀਤੇ ਗਏ ਟੈਂਕਾਂ ਤੋਪਾਂ ਦੇ ਹਮਲੇ ਦੇ ਵਿਰੁੱਧ ਮਨਾਂ ਵਿੱਚ ਪੈਦਾ ਹੋਏ ਰੋਹ ਕਾਰਣ ਵੱਖ ਵੱਖ ਫੌਜੀ ਸੈਂਟਰਾਂ ਤੋਂ ਲਗਭਗ 7000 ਸਿੱਖ ਫੌਜੀਆਂ ਨੇ ਮਰਣਾ ਮਿੱਥਕੇ ਹਥਿਆਰਬੰਦ ਬਗਾਵਤ ਕਰਦਿਆਂ ਹੋਇਆਂ ਸ਼੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾਏ ਸੀ। ਰਸਤੇ ਵਿੱਚ ਵੱਖ ਵੱਖ ਥਾਵਾਂ ‘ਤੇ ਫੌਜ ਨਾਲ ਹੋਏ ਮੁਕਾਬਲੇ ਵਿੱਚ ਲਗਭਗ 70 ਸਿੱਖ ਫੌਜੀ ਸ਼ਹੀਦ ਹੋ ਗਏ ਤੇ ਵੱਡੀ ਗਿਣਤੀ ਵਿੱਚ ਜਖਮੀ ਹੋ ਗਏ।ਏਨਾਂ ਸਿੱਖ ਫੌਜੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਦ ਭਾਰੀ ਤਸ਼ੱਦਦ ਦਾ ਸਾਮਣਾ ਕਰਨਾ ਪਿਆ। ਲਗਭਗ 400 ਸਿੱਖ ਫੌਜੀਆਂ ਨੂੰ ਕੋਰਟ ਮਾਰਸ਼ਲ ਰਾਹੀਂ ਸਖਤ ਸਜਾਵਾਂ ਦਿੱਤੀਆਂ ਗਈਆਂ।ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੇ ਵੀ ਏਨਾਂ ਵੱਲੋਂ ਧਰਮ ਖਾਤਰ ਕੀਤੀ ਏਡੀ ਵੱਡੀ ਕੁਰਬਾਨੀ ਲਈ ਧਰਮੀ ਹੋਣ ਦਾ ਖਿਤਾਬ ਦੇਂਦਿਆਂ “ਧਰਮੀ ਫੌਜੀ” ਦਾ ਨਾਮ ਦੇਕੇ ਸਤਿਕਾਰ ਦਿੱਤਾ।
ਧਰਮੀ ਫੌਜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਧਰਮੀ ਫੌਜੀ ਸ.ਜਸਵੰਤ ਸਿੰਘ ਰੰਧਾਵਾ ਦੀ ਨੌਜਵਾਨ ਬੇਟੀ ਬੀਬਾ ਕੰਚਨਪ੍ਰੀਤ ਕੌਰ ‘ਤੇ ਝੂਠਾ ਮੁਕੱਦਮਾ ਦਰਜ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਲਾਹਨਤਾਂ ਪਾਉਦਿਆਂ ਗੰਦੀ ਰਾਜਨੀਤੀ ਤੋਂ ਬਾਝ ਆਉਣ ਦੀ ਚੇਤਾਵਨੀ ਵੀ ਦਿੱਤੀ।



