ਪਿੰਡ ਫੱਲੇਵਾਲ ਦੇ ਅਗਾਂਹਵਧੂ ਕਿਸਾਨ ਵਜ਼ੀਬ ਖਾਨ ਨੇ ਪਰਾਲੀ ਸਾੜਨ ਦੀ ਬਜਾਏ ਨਵੀਂ ਤਕਨੀਕ ਨਾਲ ਆਲੂ ਦੀ ਬਿਜਾਈ ਕਰਨ ਦਾ ਦਿੱਤਾ ਸੱਦਾ


• ਖੇਤੀਬਾੜੀ ਵਿਕਾਸ ਅਧਿਕਾਰੀ ਨੇ ਕਿਹਾ, “ਮਿੱਟੀ ਦੀ ਉਪਜਾਊ ਸਮਰੱਥਾ ਵਧਾਉਣ ਲਈ ਇਹ ਤਰੀਕਾ ਬੇਹੱਦ ਲਾਭਕਾਰੀ”
ਅਹਿਮਦਗੜ੍ਹ/ਮਾਲੇਰਕੋਟਲਾ, 14 ਅਕਤੂਬਰ –
                      ਜ਼ਿਲ੍ਹੇ ਦੇ ਪਿੰਡ ਫੱਲੇਵਾਲ ਦਾ ਕਿਸਾਨ ਵਜ਼ੀਬ ਖਾਨ ਪ੍ਰਦੂਸ਼ਣ-ਰਹਿਤ ਖੇਤੀ ਵੱਲ ਪ੍ਰੇਰਕ ਕਦਮ ਚੁੱਕਦਿਆਂ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਇਸਦਾ ਯੋਗ ਪ੍ਰਬੰਧਨ ਕਰਦਿਆ ਪਰਾਲੀ  ਖੇਤ  ਚ ਵਾਹ ਕੇ ਆਲੂ ਦੀ ਬਿਜਾਈ ਕਰਨ ਨੂੰ ਤਰਜੀਹ ਦੇ ਕੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਵਜੋ ਉਭਰਿਆ ਹੈ।
            ਇਸ ਸਬੰਧ ਵਿੱਚ ਵਜ਼ੀਬ ਖਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮਿਲੀ ਤਕਨੀਕੀ ਸਲਾਹ ਦੇ ਆਧਾਰ ‘ਤੇ ਪਹਿਲਾਂ ਝੋਨੇ ਦੀ ਵਾਢੀ ਕੀਤੀ ਗਈ, ਫਿਰ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ ਗਿਆ, ਅਤੇ ਹੁਣ ਖੇਤ ਆਲੂ ਦੀ ਫ਼ਸਲ ਲਈ ਤਿਆਰ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ  ਜਿਥੇ ਮਿੱਟੀ ਦੀ ਉਪਜਾਊ ਸਮਰੱਥਾ ਵਧੇਗੀ ਉਥੇ ਹੀ ਖਾਦਾਂ ਦੀ ਜਰੂਰਤ ਵੀ ਘੱਟ ਪਵੇਗੀ । ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਬਚਾਅ ਹੋਇਆ ਹੈ। ਉਨ੍ਹਾਂ “ਅੱਗ ਨਾ ਲਗਾਓ, ਪਰਾਲੀ ਸੰਭਾਲੋ – ਮਿੱਟੀ ਤੇ ਭਵਿੱਖ ਦੋਵੇਂ ਬਚਾਓ।” ਦਾ ਸੰਦੇਸ਼ ਦਿੰਦਿਆ ਹੋਰ ਕਿਸਾਨਾਂ ਨੂੰ ਇਸੇ ਤਰ੍ਹਾਂ ਅਗਲੀ ਫਸਲ ਲਈ ਖੇਤ ਤਿਆਰ ਕਰਨ ਦਾ ਸੱਦਾ ਵੀ ਦਿੱਤਾ ।
      ਖੇਤੀਬਾੜੀ ਵਿਕਾਸ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਰੋਟਾਵੇਟਰ ਅਤੇ ਸੂਪਰ ਸਟਰੌ ਮੈਨੇਜਮੈਂਟ ਸਿਸਟਮ (SMS) ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ, “ਜੇ ਕਿਸਾਨ ਇਹ ਤਕਨੀਕਾਂ ਅਪਣਾਉਣ, ਤਾਂ ਪਰਾਲੀ ਸਾੜਨ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਨਾਲ ਮਿੱਟੀ ਦੀ ਨਮੀ ਬਣੀ ਰਹਿੰਦੀ ਹੈ, ਖਰਚਾ ਘਟਦਾ ਹੈ ਅਤੇ ਉਪਜ ਵਿੱਚ ਵਾਧਾ ਹੁੰਦਾ ਹੈ।”ਉਨ੍ਹਾਂ ਕਿਹਾ ਕਿ ਫੱਲੇਵਾਲ ਪਿੰਡ ਦੇ ਕਿਸਾਨ ਦਾ ਇਹ ਉਪਰਾਲਾ ਸਾਰੇ ਜ਼ਿਲ੍ਹੇ ਲਈ ਮਿਸਾਲ ਹੈ, ਅਤੇ ਹਰ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਤਰੀਕੇ ਨਾਲ ਵਾਤਾਵਰਣ ਬਚਾਉਣ ਵਿੱਚ ਯੋਗਦਾਨ ਪਾਏ।

CATEGORIES
TAGS
Share This

COMMENTS

Wordpress (0)
Disqus ( )
Translate