ਤਰਨ ਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ 13 ਅਕਤੂਬਰ ਤੋਂ ਭਰੀਆਂ ਜਾ ਸਕਣਗੀਆਂ: ਸਿਬਿਨ ਸੀ

– ਵੋਟਾਂ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ

ਚੰਡੀਗੜ, 12 ਅਕਤੂਬਰ:

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀ 21-ਤਰਨ ਤਾਰਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 13 ਅਕਤੂਬਰ, 2025 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸੁਰੂ ਹੋਵੇਗੀ ਅਤੇ 21 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ । ਉਨਾਂ ਅੱਗੇ ਦੱਸਿਆ ਕਿ 22 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਜਦਕਿ 24 ਅਕਤੂਬਰ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ ਹੈ। ਉਨਾਂ ਦੱਸਿਆ ਕਿ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਸਮੁੱਚੀ ਚੋਣ ਪ੍ਰਕਿਰਿਆ 16 ਨਵੰਬਰ, 2025 ਤੱਕ ਮੁਕੰਮਲ ਕਰ ਲਈ ਜਾਵੇਗੀ।

ਸਿਬਿਨ ਸੀ ਨੇ ਜਾਣਕਾਰੀ ਦਿੱਤੀ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨਾਂ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਕਤੂਬਰ ਤੋਂ 21 ਅਕਤੂਬਰ ਤੱਕ ਕਿਸੇ ਵੀ ਕੰਮਕਾਜੀ ਦਿਨ (ਜਨਤਕ ਛੁੱਟੀਆਂ ਨੂੰ ਛੱਡ ਕੇ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਰਿਟਰਨਿੰਗ ਅਫਸਰ ਕੋਲ ਦਾਖਲ ਕੀਤੇ ਜਾ ਸਕਦੇ ਹਨ। ਨਾਮਜਦਗੀ ਪੱਤਰ ਫਾਰਮ 2ਬੀ ਵਿੱਚ ਜਮਾਂ ਕਰਵਾਉਣੇ ਹੋਣਗੇ, ਜੋ ਸਬੰਧਤ ਰਿਟਰਨਿੰਗ ਅਫਸਰ ਕੋਲ ਉਪਲਬਧ ਹਨ।

ਉਨਾਂ ਅੱਗੇ ਦੱਸਿਆ ਕਿ ਉਮੀਦਵਾਰ ਦਾ ਸੂਬੇ ਦੇ ਅੰਦਰ ਕਿਸੇ ਵੀ ਹਲਕੇ ਦਾ ਰਜਿਸਟਰਡ ਵੋਟਰ ਹੋਣਾ ਜਰੂਰੀ ਹੈ ਅਤੇ ਉਸ ਨੂੰ ਵੋਟਰ ਸੂਚੀ ਵਿੱਚ ਸਬੰਧਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ ਕਰਨੀ ਪਵੇਗੀ। ਉਨਾਂ ਕਿਹਾ ਕਿ ਹਰੇਕ ਉਮੀਦਵਾਰ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਤੇ ਪੜਤਾਲ ਦੀ ਮਿਤੀ ਤੋਂ ਪਹਿਲਾਂ ਸਬੰਧਤ ਰਿਟਰਨਿੰਗ ਅਫਸਰ ਜਾਂ ਭਾਰਤ ਦੇ ਚੋਣ ਕਮਿਸਨ ਦੁਆਰਾ ਅਧਿਕਾਰਤ ਅਧਿਕਾਰੀ ਦੇ ਸਾਹਮਣੇ ਸਹੁੰ ਜਾਂ ਪ੍ਰਣ ਵੀ ਲੈਣਾ ਪਵੇਗਾ।

ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ 18 ਅਕਤੂਬਰ (ਸਨੀਵਾਰ) ‘ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881‘ ਦੇ ਤਹਿਤ ਛੁੱਟੀ ਨਹੀਂ ਹੈ ਅਤੇ ਉਸ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਹਾਲਾਂਕਿ, 19 ਅਕਤੂਬਰ (ਐਤਵਾਰ) ਅਤੇ 20 ਅਕਤੂਬਰ (ਸੋਮਵਾਰ, ਦੀਵਾਲੀ) ਇਸ ਐਕਟ ਦੇ ਤਹਿਤ ਛੁੱਟੀਆਂ ਹਨ, ਅਤੇ ਇਨਾਂ ਤਾਰੀਖਾਂ ‘ਤੇ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਦੇ।

ਸਿਬਿਨ ਸੀ ਨੇ ਅੱਗੇ ਕਿਹਾ ਕਿ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ 6 ਅਕਤੂਬਰ, 2025 ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਪ੍ਰਭਾਵੀ ਰਹੇਗਾ।

CATEGORIES
TAGS
Share This

COMMENTS

Wordpress (0)
Disqus ( )
Translate