ਸ਼ਨੀਵਾਰ ਤੇ ਐਵਤਾਰ ਵੀ 50 ਫੀਸਦੀ ਸਟਾਫ ਨਾਲ ਖੁੱਲਦੇ ਹਨ ਸੇਵਾ ਕੇਂਦਰ-ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ
ਸੇਵਾ ਕੇਂਦਰ ਵੱਲੋਂ ਐਸ.ਐੱਮ.ਐੱਸ. ਰਾਹੀਂ ਰਸੀਦ ਭੇਜਣ ਦੀ ਸਹੂਲਤ ਹੋਵੇਗੀ ਲਾਹੇਵੰਦ ਸਿੱਧ
ਫਾਜਿਲਕਾ 20 ਮਈ
ਪ੍ਰਸ਼ਾਸਨਿਕ ਸੁਧਾਰ ਵਿਭਾਗ ਪੰਜਾਬ ਲੋਕਾਂ ਨੂੰ ਸੁਖਾਵੇਂ ਮਾਹੌਲ ਵਿਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਪਹਿਲਕਦਮੀਆਂ ਕਰ ਰਿਹਾ ਹੈ। ਐਸ.ਐਮ. ਐਸ ਰਾਹੀਂ ਰਸੀਦ ਭੇਜਣ ਦੀ ਸਹੂਲਤ ਨਾਲ ਬਿਨੇਕਾਰਾਂ ਨੂੰ ਹੋਰ ਲਾਹਾ ਹਾਸਲ ਹੋਵੇਗਾ। ਇਹ ਜਾਣਕਾਰੀ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸ. ਗਗਨਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 21 ਸੇਵਾ ਕੇਂਦਰਾਂ ’ਤੇ ਬਿਨੈਕਾਰਾਂ ਨੂੰ ਹੁਣ ਕਾਗਜ਼ੀ ਰਸੀਦਾਂ ਨਹੀਂ ਦਿੱਤੀਆਂ ਜਾਣਗੀਆਂ ਉਹ ਐੱਸ.ਐੱਮ.ਐੱਸ. ਰਾਹੀਂ ਆਪਣੇ ਭੁਗਤਾਨਾਂ ਦੀਆਂ ਰਸੀਦਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਡਿਜੀਟਲ ਰਸੀਦਾਂ ’ਤੇ ਆਮ ਕਾਗਜ਼ੀ ਰਸੀਦਾਂ ਵਾਲੀ ਸਾਰੀ ਜਾਣਕਾਰੀ ਉਪਲਬੱਧ ਹੋਵੇਗੀ।
ਉਨ੍ਹਾਂ ਕਿਹਾ ਜੇਕਰ ਬਿਨੈਕਾਰ ਕਾਗਜ਼ੀ ਰਸੀਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਵਾਧੂ ਖਰਚੇ ਤੋਂ ਹਸਤਾਖਰ ਅਤੇ ਮੋਹਰ ਵਾਲੀ ਰਸੀਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਸੀਦ ਦੀ ਦਫ਼ਤਰੀ ਕਾਪੀ ਬਿਨੈ-ਪੱਤਰ ਦੇ ਪਹਿਲੇ ਪੰਨੇ ਦੇ ਉਲਟ ਪਾਸੇ ਛਾਪੀ ਜਾਵੇਗੀ ਅਤੇ ਸੇਵਾ ਕੇਂਦਰਾਂ ਦੇ ਆਪਰੇਟਰਾਂ ਦੁਆਰਾ ਹਸਤਾਖਰ ਅਤੇ ਮੋਹਰ ਲਗਾਈ ਜਾਵੇਗੀ। ਫਾਰਮ ਰਹਿਤ ਸੇਵਾਵਾਂ ਵਿਚ ਸੇਵਾ ਕੇਂਦਰ ਸਿਸਟਮ ਜਨਰੇਟਿਡ ਫਾਰਮ ਦੇ ਪਿਛਲੇ ਪਾਸੇ ਲੋੜ ਪੈਣ ’ਤੇ ਰਸੀਦ ਪ੍ਰਿੰਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਪਰ ਰਹਿਤ ਫੀਸ ਰਸੀਦ ਪ੍ਰਣਾਲੀ ਨਾਲ ਸੇਵਾ ਪ੍ਰਦਾਤਾਵਾਂ ਅਤੇ ਖਪਤਕਾਰਾਂ ਦੋਵਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ ਕਿਉਂਕਿ ਇਸ ਨਾਲ ਸੇਵਾ ਕੇਂਦਰਾਂ ਦੇ ਕਾਊਂਟਰਾਂ ’ਤੇ ਰਸੀਦਾਂ ਦੀ ਛਪਾਈ ਦਾ ਸਮਾਂ ਵੀ ਬਚੇਗਾ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੇਵਾ ਕੇਂਦਰ ਸ਼ਨੀਵਾਰ ਤੇ ਐਤਵਾਰ ਵੀ 50 ਫੀਸਦੀ ਸਟਾਫ ਨਾਲ ਖੁੱਲਦੇ ਹਨ ਇਸ ਕਰਕੇ ਕੰਮ-ਕਾਜੀ ਵਾਲੇ ਦਿਨਾਂ ਤੋਂ ਬਿਨਾਂ ਸ਼ਨੀਵਾਰ ਤੇ ਐਵਤਾਰ ਵੀ ਸੇਵਾ ਕੇਂਦਰ ਵਿਖੇ ਪਹੁੰਚ ਕੇ ਸੇਵਾਵਾਂ ਦਾ ਲਾਹਾ ਹਾਸਲ ਕੀਤਾ ਜਾ ਸਕਦਾ ਹੈ।


