ਕੋਟਕਪੂਰਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਸਪੀਕਰ ਸ.ਸੰਧਵਾਂ ਵੱਲੋਂ ਡੀ.ਸੀ ਸਮੇਤ ਹੋਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਕੋਟਕੂਪਰਾ ਸ਼ਹਿਰ ਦੇ ਨਵੇਂ ਬਣਨ ਵਾਲੇ ਬੱਸ ਸਟੈਂਡ ਅਤੇ ਨਵੇਂ ਬਣਨ ਵਾਲੇ ਤਹਿਸੀਲ ਕੰਪਲੈਕਸ ਬਾਰੇ ਹੋਈ ਵਿਚਾਰ ਚਰਚਾ

ਫਰੀਦਕੋਟ 9 ਸਤੰਬਰ-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸੰਧਵਾਂ ਵਿਖੇ ਕੋਟਕਪੂਰਾ ਵਿਖੇ ਬਰਸਾਤੀ ਪਾਣੀ ਦੇ ਸਹੀ ਢੰਗ ਨਾਲ ਨਿਕਾਸ ਅਤੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਹੋਰ ਸਮੱਸਿਆਵਾਂ ਦੇ ਪੱਕੇ ਹੱਲ ਲਈ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ  ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੇ ਖਾਸ ਤੌਰ ਤੇ ਧਿਆਨ ਦਿੰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਖੜ੍ਹਾ ਹੋ ਜਾਣ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ਹਿਰ ਵਿੱਚ ਡਰੇਨੇਜ ਸਿਸਟਮ ਅਤੇ ਹੋਰ ਪਾਣੀ ਦੀਆਂ ਨਿਕਾਸੀ ਲਾਈਨਾਂ ਦੀ ਨਿਯਮਤ ਸਫ਼ਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਸਦਾ ਲਈ ਰਾਹਤ ਮਿਲ ਸਕੇ।

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਉਨ੍ਹਾਂ ਕੋਟਕੂਪਰਾ ਸ਼ਹਿਰ ਦੇ ਨਵੇਂ ਬਣਨ ਵਾਲੇ ਬੱਸ ਸਟੈਂਡ ਅਤੇ ਨਵੇਂ ਬਣਨ ਵਾਲੇ ਤਹਿਸੀਲ ਕੰਪਲੈਕਸ , ਕੂੜੇ ਕਰਕਟ ਦੇ ਡੰਪਾਂ ਦੀਆਂ ਥਾਵਾਂ, ਸੀਵਰੇਜ ਲਾਈਨਾਂ ਦੀ ਮੁਰੰਮਤ ਅਤੇ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਸਪੀਕਰ ਸ. ਸੰਧਵਾਂ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸਾਰੇ ਸੰਬੰਧਿਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਪੀਕਰ ਸ. ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਦੇ ਕਾਰਜਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕੋਟਕਪੂਰਾ ਸ਼ਹਿਰ ਦੇ ਵਿਕਾਸ ਨੂੰ ਮਾਡਲ ਸ਼ਹਿਰ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਸਮੇਂ-ਸਿਰ ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਯਕੀਨ ਦਿਵਾਇਆ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੰਮ ਕਰਨਗੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ।

ਇਸ ਮੌਕੇ ਐਸ.ਡੀ.ਐਮ. ਕੋਟਕੂਪਰਾ ਸ੍ਰੀ ਸੂਰਜ ਕੁਮਾਰ, ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਡੀ.ਆਰ.ਓ ਮੈਡਮ ਲਵਪ੍ਰੀਤ ਕੌਰ, ਐਡਵੋਕੋਟ ਬੀਰਇੰਦਰ ਸਿੰਘ ਸੰਧਵਾਂ, ਐਸ.ਡੀ.ਓ ਸ੍ਰੀ ਨਵੀਨ, ਐਸ.ਡੀ.ਓ ਸੀਵਰੇਜ ਬੋਰਡ ਭੋਲਾ, ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ, ਗੈਰੀ ਵੜਿੰਗ, ਅਮਨਦੀਪ ਸਿੰਘ, ਐਮ.ਸੀ. ਸਿਮਰਨਜੀਤ ਸਿੰਘ, ਈ.ਓ ਕੋਟਕਪੂਰਾ ਸ੍ਰੀ ਅੰਮ੍ਰਿਤ ਲਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate