ਸੂਬਾ ਸਰਕਾਰ ਹੜ੍ਹ ਪੀੜਤਾਂ ਪਰਿਵਾਰਾਂ ਦੀ ਕਰੇਗੀ ਹਰ ਸੰਭਵ ਸਹਾਇਤਾ-ਸੰਜੈ ਸਿੰਘ
ਕੈਬਨਿਟ ਮੰਤਰੀ ਈ:ਟੀ:ਓ ਅਤੇ ਵਿਧਾਇਕ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ
ਕਿਹਾ-ਪੰਜਾਬ ਸਰਕਾਰ ਹਰ ਮੁਸ਼ਕਿਲ ਵਿੱਚ ਰਾਜ ਦੇ ਪ੍ਰਭਾਵਿਤ ਲੋਕਾਂ ਦੇ ਨਾਲ
ਅੰਮ੍ਰਿਤਸਰ, 4 ਸਤੰਬਰ,
ਮੈਂਬਰ ਰਾਜ ਸਭਾ ਸ੍ਰੀ ਸੰਜੈ ਸਿੰਘ , ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਅਤੇ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ ਹੜ੍ਹ ਪ੍ਰਭਾਵਿਤ ਖੇਤਰ ਰਮਦਾਸ ਦੇ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਸੰਕਟ ਦੇ ਇਸ ਸਮੇਂ ਸਰਕਾਰ ਵੱਲੋਂ ਦੁੱਖ ਵੰਡਾਉਣ ਲਈ ਪਹੁੰਚੇ ਅਤੇ ਪਿੰਡ ਘੋਨੇਵਾਲ ਤੇ ਆਸ ਪਾਸ ਦੇ ਪਿੰਡਾਂ ਵਿਖੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਦੀ ਸੇਵਾ ਕੀਤੀ।
ਸ੍ਰੀ ਸੰਜੈ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਨੂੰ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਚਾਰਾ, ਡਾਕਟਰੀ ਸਹਾਇਤਾ ਅਤੇ ਹੋਰ ਲੋੜੀਂਦੀਆ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਪਾਣੀ ਦਾ ਪੱਧਰ ਘਟਣ ਉਪਰੰਤ ਤੁਰੰਤ ਹੀ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜਲਦ ਹੀ ਲੋਕਾਂ ਨੂੰ ਬਣਦਾ ਮੁਆਵਜਾ ਮੁਹੱਈਆ ਕਰਵਾਇਆ ਜਾਵੇਗਾ। ਸ੍ਰੀ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰੇਕ ਨੇਤਾ, ਆਹੁਦੇਦਾਰ, ਵਲੰਟੀਅਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਪਹੁੰਚਾ ਰਿਹਾ ਹੈ।
ਸ੍ਰੀ ਸੰਜੈ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ ਪੀੜਤ ਇਲਾਕਿਆਂ ਵਿੱਚ ਵਿਆਪਕ ਪੱਧਰ ਤੇ ਰਾਹਤ ਤੇ ਬਚਾਓ ਦਾ ਕੰਮ ਕਰ ਰਹੀ ਹੈ, ਜਿਸ ਵਿੱਚ ਸਮੁੱਚੇ ਪੰਜਾਬ ਵਾਸੀ ਸਹਿਯੋਗ ਦੇ ਰਹੇ ਹਨ। ਇਸ ਆਫਤ ਦੀ ਘੜੀ ਵਿੱਚ ਸਾਰੇ ਪੰਜਾਬੀਆਂ ਨੂੰ ਇੱਕਜੁਟ ਹੋ ਕੇ ਇਹਨਾਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਮੁਸ਼ਕਿਲ ਵਿੱਚ ਰਾਜ ਦੇ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਦੱਸਿਆ ਕਿ ਹੜ੍ਹਾਂ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ, ਇਥੋ ਤੱਕ ਕਿ ਉਨ੍ਹਾਂ ਦੇ ਬਿਸਤਰੇ, ਕੱਪੜੇ ਤੱਕ ਨਹੀਂ ਬਚੇ। ਉਨ੍ਹਾਂ ਕਿਹਾ ਕਿ ਉਹ ਅੱਜ ਪੀੜਤ ਪਰਿਵਾਰਾਂ ਲਈ ਰਸਦ ਅਤੇ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਵਿਅਕਤੀ ਨੂੰ ਉਸ ਦਾ ਬਣਦਾ ਮੁਆਵਜਾ ਜਰੂਰ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਮੈਂ ਰੋਜਾਨਾ ਹਰੇਕ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਰਸਦ ਮੁਹੱਈਆ ਕਰਵਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੂਰਾ ਜਿਲ੍ਹਾ ਪ੍ਰਸਾਸ਼ਨ ਹੜ੍ਹ ਪੀੜਤ ਪਰਿਵਾਰਾਂ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਸ੍ਰ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਗਿਰਦਾਵਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਮੁਸ਼ਕਿਲ ਵਿੱਚ ਰਾਜ ਦੇ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਇਸ ਸਮੇਂ ਹਰ ਕਿਸੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਲੋੜਵੰਦ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਮਨੁੱਖਤਾ ਨਿਭਾਉਣ ਦਾ ਹੈ। ਜਦੋਂ ਲੋਕ ਮੁਸ਼ਕਲ ਵਿੱਚ ਹਨ, ਤਾਂ ਸਾਡਾ ਫ਼ਰਜ਼ ਹੈ ਕਿ ਉਨ੍ਹਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰੀਏ।
ਇਸ ਮੌਕੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਸ੍ਰ ਮੁਖਵਿੰਦਰ ਸਿੰਘ ਵਿਰਦੀ, ਜਿਲ੍ਹਾ ਪ੍ਰਧਾਨ ਸ੍ਰ ਪ੍ਰਭਬੀਰ ਸਿੰਘ ਬਰਾੜ, ਹਲਕਾ ਇੰਚਾਰਜ ਲੋਕ ਸਭਾ ਸ੍ਰੀ ਜਸਕਰਨ ਬੰਦੇਸ਼ਾ, ਦਿਹਾਤੀ ਜਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਕਰਨਬੀਰ ਸਿੰਘ ਟਿਵਾਣਾ, ਸਰਬਜੋਤ ਸਿੰਘ ਧੰਜਲ, ਗੀਤਾ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।



